ਗਗਨਦੀਪ ਅਰੋੜਾ
ਲੁਧਿਆਣਾ, 8 ਨਵੰਬਰ
ਲੁਧਿਆਣਾ ਦੇ ਪਿੰਡ ਗਿੱਲ ’ਚ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਸੇ ਤਰ੍ਹਾਂ ਡਾਬਾ ਦੇ ਮਹਾ ਸਿੰਘ ਨਗਰ ਇਲਾਕੇ ’ਚ ਰਹਿਣ ਵਾਲੀ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
ਪਿੰਡ ਗਿੱਲ ਵਿੱਚ ਔਰਤ ਨੇ ਆਪਣੇ ਪ੍ਰੇਮੀ ਅਤੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਆਪਣੇ ਪਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਮਗਰੋਂ ਲਾਸ਼ ਖਾਲੀ ਪਲਾਟ ਵਿੱਚ ਸੁੱਟ ਦਿੱਤੀ। ਮ੍ਰਿਤਕ ਦੀ ਪਛਾਣ ਪਵਨ ਕੁਮਾਰ (38) ਵਜੋਂ ਹੋਈ ਹੈ। ਲਾਸ਼ ਖਾਲੀ ਪਲਾਟ ਵਿੱਚ ਦੇਖਣ ਮਗਰੋਂ ਪਿੰਡ ਗਿੱਲ ਵਾਸੀ ਗੁਰਦਿਆਲ ਸਿੰਘ ਨੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਨੰਬਰਦਾਰ ਗੁਰਦਿਆਲ ਸਿੰਘ ਦੀ ਸ਼ਿਕਾਇਤ ’ਤੇ ਪਵਨ ਦੀ ਪਤਨੀ ਪੁਨੀਤਾ ਮਿਸ਼ਰਾ, ਉਸ ਦੇ ਪ੍ਰੇਮੀ ਰਾਜਨ ਸ਼ੁਕਲਾ ਅਤੇ ਪੁਨੀਤਾ ਦੇ ਪਰਿਵਾਰਕ ਮੈਂਬਰਾਂ ਡੌਲੀ ਮਿਸ਼ਰਾ, ਗਾਇੱਤਰੀ ਮਿਸ਼ਰਾ ਤੇ ਵਰਿੰਦਰ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸੂਤਰਾਂ ਅਨੁਸਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਹਾਲੇ ਤੱਕ ਕੋਈ ਅਧਿਕਾਰੀ ਪੁਸ਼ਟੀ ਨਹੀਂ ਕਰ ਰਿਹਾ।
ਇਸੇ ਤਰ੍ਹਾਂ ਡਾਬਾ ਦੇ ਮਹਾ ਸਿੰਘ ਨਗਰ ਇਲਾਕੇ ’ਚ ਰਹਿਣ ਵਾਲੀ ਇਕ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਰਾਜ ਕੁਮਾਰ ਦੀ ਕਥਿਤ ਤੌਰ ’ਤੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਕਿਹਾ ਕਿ ਉਸ ਨੇ ਆਤਮਹੱਤਿਆ ਕੀਤੀ ਹੈ। ਰਾਜ ਕੁਮਾਰ ਦੇ ਭਰਾ ਕੁਲਦੀਪ ਵਿਸ਼ਵਕਰਮਾ ਨੇ ਲਾਸ਼ ਦੇਖੀ ਤਾਂ ਗਲੇ ’ਤੇ ਨਿਸ਼ਾਨ ਸਨ। ਇਸ ਤੋਂ ਬਾਅਦ ਉਸ ਨੇ ਪੁਲੀਸ ਕੋਲ ਹੱਤਿਆ ਦਾ ਸ਼ੱਕ ਪ੍ਰਗਟਾਇਆ। ਡਾਬਾ ਪੁਲੀਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਖੁਦਕੁਸ਼ੀ ਨਹੀਂ ਸਗੋਂ ਰਾਜ ਕੁਮਾਰ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਹੀ ਉਸ ਦੀ ਹੱਤਿਆ ਕੀਤੀ ਹੈ। ਪੁਲੀਸ ਨੇ ਰਾਜ ਕੁਮਾਰ ਦੀ ਪਤਨੀ ਕਿਰਨ ਤੇ ਉਸ ਦੇ ਰਿਸ਼ਤੇਦਾਰ ਲਵਕੁਸ਼ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਵਕੀਲ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਕਤਲ ਕੀਤਾ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ):
ਇਥੋਂ ਦੇ ਜੱਜ ਨਗਰ ਇਲਾਕੇ ਵਿੱਚ ਦੇਰ ਸ਼ਾਮ ਵਕੀਲ ਨੇ ਆਪਣੀ ਪਤਨੀ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੀ ਸ਼ਨਾਖਤ ਵਿਕਰਮਜੀਤ ਕੌਰ (37) ਵਜੋਂ ਹੋਈ ਹੈ। ਉਹ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਸੀ। ਮੁਲਜ਼ਮ ਦੀ ਸ਼ਨਾਖਤ ਬਲਜੀਤ ਮਾਨ ਵਜੋਂ ਹੋਈ ਹੈ। ਕਤਲ ਮਗਰੋਂ ਉਸ ਨੇ ਪੁਲੀਸ ਨੂੰ ਸੱਦ ਕੇ ਆਤਮ ਸਮਰਪਣ ਕਰ ਦਿੱਤਾ। ਸਹਾਇਕ ਪੁਲੀਸ ਕਮਿਸ਼ਨਰ (ਪੂਰਬੀ) ਗੁਰਿੰਦਰਬੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਘਟਨਾ ਸਮੇਂ ਪਤੀ-ਪਤਨੀ ਘਰ ’ਚ ਇਕੱਲੇ ਸਨ। ਉਨ੍ਹਾਂ ਦਾ 18 ਸਾਲਾ ਬੇਟਾ ਜਿੰਮ ਗਿਆ ਹੋਇਆ ਸੀ, ਜਦਕਿ ਬਲਜੀਤ ਦੀ ਮਾਂ ਬਾਜ਼ਾਰ ਗਈ ਹੋਈ ਸੀ। ਬਾਅਦ ’ਚ ਉਸ ਨੇ ਖੁਦ ਪੁਲੀਸ ਨੂੰ ਫੋਨ ਕੀਤਾ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਨੂੰ ਘਰੋਂ ਗ੍ਰਿਫ਼ਤਾਰ ਕਰ ਲਿਆ।
ਦੂਜੀ ਪਤਨੀ ਨੂੰ ਗੋਲੀ ਮਾਰਨ ਦੇ ਦੋਸ਼ ਹੇਠ ਪਤੀ ਸਮੇਤ ਚਾਰ ਕਾਬੂ
ਮੋਗਾ (ਮਹਿੰਦਰ ਸਿੰਘ ਰੱਤੀਆਂ):
ਧਰਮਕੋਟ ਵਿੱਚ ਪਤੀ ਨੇ ਆਪਣੀ ਦੂਜੀ ਪਤਨੀ ਨੂੰ ਗੋਲੀ ਮਾਰ ਦਿੱਤੀ। ਹਾਲਾਂਕਿ ਇਸ ਘਟਨਾ ਵਿੱਚ ਔਰਤ ਦਾ ਬਚਾਅ ਹੋ ਗਿਆ ਪਰ ਪੁਲੀਸ ਨੇ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਚਾਰ ਦੇਸੀ ਪਿਸਤੌਲ ਬਰਾਮਦ ਕੀਤੀਆਂ ਹਨ। ਪੁਲੀਸ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਪਿੰਡ ਨੂਰਪੁਰ ਹਕੀਮਾਂ ਨੇ ਆਪਣੀ ਪਹਿਲੀ ਪਤਨੀ ਜੰਗੀਰ ਕੌਰ ਨੂੰ ਤਲਾਕ ਦਿੱਤੇ ਬਿਨਾਂ ਰਿੱਤੂ ਨਾਲ 22 ਅਕਤੂਬਰ 2022 ਨਾਲ ਪ੍ਰੇਮ ਵਿਆਹ ਕਰਵਾਇਆ ਸੀ ਪਰ ਹੁਣ ਗੁਰਵਿੰਦਰ ਸਿੰਘ ਪ੍ਰੇਮ ਵਿਆਹ ਕਰਵਾਉਣ ਵਾਲੀ ਰਿੱਤੂ ’ਤੇ ਤਲਾਕ ਦੇਣ ਲਈ ਦਬਾਅ ਬਣਾ ਕੇ ਆਪਣੀ ਪਹਿਲੀ ਪਤਨੀ ਜੰਗੀਰ ਕੌਰ ਨੂੰ ਘਰ ਲਿਆਉਣਾ ਚਾਹੁੰਦਾ ਸੀ। ਇਸ ਕਾਰਨ ਦੋਵਾਂ ਵਿੱਚ ਝਗੜਾ ਰਹਿੰਦਾ ਸੀ। ਗੁਰਵਿੰਦਰ ਨੇ 5 ਨਵੰਬਰ ਨੂੰ ਆਪਣੇ ਦੋਸਤਾਂ ਨਾਲ ਮਿਲ ਕੇ ਰਿੱਤੂ ਉੱਤੇ ਗੋਲੀਆਂ ਚਲਵਾਈਆਂ ਪਰ ਉਹ ਬਚ ਗਈ।