ਰਾਜਨ ਮਾਨ
ਮਜੀਠਾ, 3 ਫਰਵਰੀ
ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਦੀ ਪੂਰਤੀ ਲਈ 13 ਫਰਵਰੀ ਤੋਂ ਸ਼ੁਰੂ ਹੋ ਰਹੇ ਦਿੱਲੀ ਅੰਦੋਲਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਕਿਸਾਨ ਮਜ਼ਦੂਰ ਮੋਰਚੇ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਅੱਜ ਕੱਥੂਨੰਗਲ ਮੰਡੀ ਵਿੱਚ ਇਕੱਠ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਸਬੰਧੀ ਸ੍ਰੀ ਪੰਧੇਰ ਨੇ ਕਿਹਾ ਕਿ ਕਿਸਾਨ ਟਰੈਕਟਰ ਟਰਾਲੀਆਂ ਦੇ ਕਾਫਲੇ ਲੈ ਕੇ ਦਿੱਲੀ ਮੋਰਚੇ ਨੂੰ ਰਵਾਨਾ ਹੋਣਗੇ। ਹੁਣ ਤੱਕ ਪੰਜਾਬ ਤੋਂ 10, ਹਰਿਆਣਾ ਤੋਂ 6 , ਉੱਤਰ ਪ੍ਰਦੇਸ਼ ਤੋਂ 5, ਰਾਜਸਥਾਨ ਤੋਂ 3, ਪੁੱਡੂਚੇਰੀ ਤੋਂ 5, ਬਿਹਾਰ ਤੋਂ 5, ਤਾਮਿਲਨਾਡੂ ਤੋਂ 22 , ਕੇਰਲ ਤੋਂ 17, ਹਿਮਾਚਲ ਪ੍ਰਦੇਸ਼ ਤੋਂ 3 ਜਥੇਬੰਦੀਆਂ ਨੇ ਵੱਧ ਚੜ੍ਹ ਕੇ ਦਿੱਲੀ ਅੰਦੋਲਨ ਵਿੱਚ ਪਹੁੰਚਣ ਲਈ ਤਿਆਰੀ ਪ੍ਰੋਗਰਾਮ ਉਲੀਕੇ ਹਨ। ਸਾਰੀਆਂ ਜਥੇਬੰਦੀਆਂ ਦੀ ਮੰਗ ਹੈ ਕਿ ਫ਼ਸਲਾਂ ਦੀ ਖਰੀਦ ’ਤੇ ਐੱਮਐੱਸਪੀ ਗਾਰੰਟੀ ਕਨੂੰਨ ਬਣਾਇਆ ਜਾਵੇ ਅਤੇ ਫ਼ਸਲਾਂ ਦੇ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀ ਸ਼ਿਫਾਰਸ਼ ਅਨੁਸਾਰ ਦਿੱਤੇ ਜਾਣ। ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਹਨ। ਦੇਸ਼ ਭਰ ਤੋਂ ਜਥੇਬੰਦੀਆਂ ਲਗਾਤਾਰ ਕਿਸਾਨ ਮਜ਼ਦੂਰ ਮੋਰਚਾ ਨਾਲ ਸੰਪਰਕ ਵਿੱਚ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਅੰਦੋਲਨ ਲਈ ਸੈਂਕੜੇ ਸੰਗਠਨ ਅਤੇ ਲੱਖਾਂ ਕਿਸਾਨ ਮਜ਼ਦੂਰ ਤੇ ਆਮ ਲੋਕ ਸੰਘਰਸ਼ ਦੇ ਮੈਦਾਨ ਵਿੱਚ ਉਤਰਨਗੇ। ਇਸ ਮੌਕੇ ਜ਼ਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ, ਸ਼ਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਮੇਜ਼ਰ ਸਿੰਘ ਅਬਦਾਲ, ਟੇਕ ਸਿੰਘ ਝੰਡੇ,ਗੁਰਦੇਵ ਸਿੰਘ ਮੁੱਘੋਸੋਹੀ, ਗੁਰਬਾਜ਼ ਸਿੰਘ ਭੁੱਲਰ, ਹਰਦੀਪ ਸਿੰਘ ਢੱਡੇ, ਅਵਤਾਰ ਸਿੰਘ ਜਹਾਂਗੀਰ, ਸਰਵਣ ਸਿੰਘ ਮਾਨ, ਲਖਬੀਰ ਸਿੰਘ ਰੂਪੋਵਾਲੀ, ਕਾਬਲ ਸਿੰਘ ਵਰਿਆਮ ਨੰਗਲ ਤੇ ਜਗਤਾਰ ਸਿੰਘ ਅਬਦਾਲ ਸਨ।