ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਵਲੋਂ ਹਲਕਾ ਅੰਮ੍ਰਿਤਸਰ ਪੂਰਬੀ ’ਚ ਸ਼ੁਰੂ ਕੀਤੇ ਚੋਣ ਪ੍ਰਚਾਰ ਦੌਰਾਨ ਪਹਿਲੇ ਪੜਾਅ ’ਚ ਵਧੇਰੇ ਲੋਕਾਂ ਨੂੰ ਨਾਲ ਜੋੜਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੱਜ ਇਕ ਸਾਬਕਾ ਕੌਂਸਲਰ ਸਮੇਤ ਦੋ ਦਰਜਨ ਤੋਂ ਵੱਧ ਕਾਂਗਰਸੀ ਆਗੂ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ, ਜਿਨਾਂ ਨੂੰ ਮਜੀਠੀਆ ਨੇ ਜੀ ਆਇਆਂ ਕਿਹਾ।
ਵਾਰਡ ਨੰ. 43 ਪ੍ਰਤਾਪ ਨਗਰ ਤੋਂ ਸਾਬਕਾ ਕੌਂਸਲਰ ਪ੍ਰਗਟ ਸਿੰਘ ਭੁੱਲਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਮਜੀਠੀਆ ਨੇ ਸਿਰੋਪਾਓ ਪਾ ਕੇ ਪਾਰਟੀ ’ਚ ਜੀ ਆਇਆਂ ਆਖਿਆ। ਇਸ ਮਗਰੋਂ ਵਾਰਡ ਨੰ. 45 ’ਚ ਗੁਰੂ ਕੇ ਮਹਿਲ ਦੀ ਸਮੁੱਚੀ ਟੀਮ ਅਕਾਲੀ ਦਲ ’ਚ ਸ਼ਾਮਲ ਹੋਈ ਹੈ, ਜਿਨ੍ਹਾਂ ’ਚ ਜਸਵਿੰਦਰ ਸਿੰਘ ਧੁੰਨਾ, ਰਾਣਾ, ਸੋਨੁੰ, ਮਨਜੀਤ ਸਿੰਘ, ਸਮਾਈਲੀ, ਅਮਰੀਕ ਸਿੰਘ, ਬਲਜੀਤ ਸਿੰਘ, ਹੀਰਾ ਸਿੰਘ ਆਦਿ ਅਕਾਲੀ ਦਲ ’ਚ ਸ਼ਾਮਲ ਹੋਏ ਹਨ। ਸ੍ਰੀ ਮਜੀਠੀਆ ਨੇ ਵਾਰਡ ’ਚ ਘਰ ਘਰ ਜਾ ਕੇ ਪ੍ਰਚਾਰ ਕੀਤਾ ਤੇ ਕਈ ਆਗੂਆਂ ਨੂੰ ਪਾਰਟੀ ’ਚ ਸ਼ਾਮਲ ਕੀਤਾ। ਇਸ ਮੌਕੇ ਸ੍ਰੀ ਮਜੀਠੀਆ ਨੇ ਆਖਿਆ ਕਿ ਲੋਕਾਂ ਵੱਲੋਂ ਇਸ ਹਲਕੇ ਵਿਚ ਉਨ੍ਹਾਂ ਨੂੰ ਵਧੇਰੇ ਪਿਆਰ ਤੇ ਸਤਿਕਾਰ ਦਿੱਤਾ ਜਾ ਰਿਹਾ ਹੈ। ਇਸੇ ਸਦਕਾ ਉਨ੍ਹਾਂ ਫੈਸਲਾ ਕੀਤਾ ਹੈ ਕਿ ਉਹ ਹਲਕਾ ਪੂਰਬੀ ਦੀ ਸੇਵਾ ਕਰਨਗੇ। ਇਸ ਤੋਂ ਪਹਿਲਾਂ ਸ੍ਰੀ ਮਜੀਠੀਆ ਨੇ ਇਕੱਲਿਆਂ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ ਦਾ ਐਲਾਨ ਕਰਨ ਉਪਰੰਤ ਵਾਰਡ ਨੰਬਰ 45 ਵਿਚ ਰਾਮ ਮੰਦਰ ’ਚ ਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ।