ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 14 ਅਗਸਤ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅੰਮ੍ਰਿਤਸਰ ਫੇਰੀ ਮੌਕੇ ਮੈਡੀਕਲ ਕਾਲਜ ਵਿੱਚ ਉਨ੍ਹਾਂ ਦੇ ਪ੍ਰੋਗਰਾਮ ਦੀ ਕਵਰੇਜ ਕਰਨ ਗਏ ਮੀਡੀਆ ਕਰਮੀਆਂ ਨੂੰ ਖੱਜਲ-ਖੁਆਰ ਹੋਣਾ ਪਿਆ। ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਮਿਲੇ ਹੈਂਡ ਗ੍ਰਨੇਡ ਕਾਰਨ ਪੁਲੀਸ ਵਿਭਾਗ ਵੱਲੋਂ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਸੀ, ਜਿਸ ਕਾਰਨ ਲੋਕ ਸੰਪਰਕ ਵਿਭਾਗ ਵੱਲੋਂ ਵੀ ਪ੍ਰੋਗਰਾਮ ਦੀ ਕਵਰੇਜ ਲਈ ਪੱਤਰਕਾਰਾਂ ਨੂੰ ਸਿੱਧੇ ਨਾ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਸਨ ਅਤੇ ਪ੍ਰੋਗਰਾਮ ਦੀ ਕਵਰੇਜ ਕਰਨ ਲਈ ਵੱਖ-ਵੱਖ ਪ੍ਰਿੰਟ ਮੀਡੀਆ ਤੇ ਚੈਨਲਾਂ ਦੇ ਪੱਤਰਕਾਰਾਂ ਨੂੰ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਬੱਸ ਵਿਚ ਬਿਠਾ ਕੇ ਪੁਲੀਸ ਵਿਭਾਗ ਤੇ ਆਪਣੀ ਨਿਗਰਾਨੀ ਹੇਠ ਮੈਡੀਕਲ ਕਾਲਜ ਵਿੱਚ ਪ੍ਰੋਗਰਾਮ ਵਾਲੀ ਥਾਂ ’ਤੇ ਲੈ ਕੇ ਗਏ ਸਨ ਅਤੇ ਉਨ੍ਹਾਂ ਨੂੰ ਵਾਪਸ ਵੀ ਉਸੇ ਬੱਸ ਰਾਹੀਂ ਜ਼ਿਲ੍ਹਾ ਕਚਹਿਰੀ ਵਿਖੇ ਪਹੁੰਚਾਇਆ ਗਿਆ।
ਮੈਡੀਕਲ ਕਾਲਜ ਵਿਖੇ ਪ੍ਰੋਗਰਾਮ ਵਾਲੀ ਥਾਂ ’ਤੇ ਮੀਡੀਆ ਕਰਮੀਆਂ ਦੇ ਬੈਠਣ ਲਈ ਕੁਰਸੀਆਂ ਦਾ ਕੋਈ ਇੰਤਜ਼ਾਮ ਨਾ ਹੋਣ ਕਰਕੇ ਉਨ੍ਹਾਂ ਨੂੰ ਗਰਮੀ ਵਿੱਚ ਡੇਢ ਘੰਟੇ ਤੋਂ ਵੱਧ ਸਮਾਂ ਖੜ੍ਹਾ ਰਹਿਣਾ ਪਿਆ। ਇਥੋਂ ਤੱਕ ਕਿ ਪ੍ਰੋਗਰਾਮ ਦੇ ਪ੍ਰਬੰਧਕਾਂ ਵੱਲੋਂ ਮੀਡੀਆ ਨੂੰ ਪੀਣ ਲਈ ਪਾਣੀ ਵੀ ਮੁਹੱਈਆ ਨਹੀਂ ਕਰਵਾਇਆ ਗਿਆ। ਜਦਕਿ ਪ੍ਰੋਗਰਾਮ ਦੀ ਕਵਰੇਜ ਲਈ ਜਿਹੜੀ ਜਗ੍ਹਾ ਮੀਡੀਆ ਲਈ ਨਿਰਧਾਰਿਤ ਕੀਤੀ ਗਈ ਸੀ, ਉਥੇ ਖਾਲੀ ਟੇਬਲ ਜ਼ਰੂਰ ਸਜਾਏ ਗਏ ਸਨ। ਮੀਡੀਆ ਨੂੰ ਪ੍ਰੋਗਰਾਮ ਵਾਲੇ ਹਾਲ ਵਿੱਚ ਦਾਖਲ਼ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਮੈਡੀਕਲ ਕਾਲਜ ਵਿਖੇ ਬੇਸਿਕ ਸਾਇੰਸ ਬਲਾਕ ਅਤੇ ਲੜਕਿਆਂ ਦੇ ਨਵੇਂ ਹੋਸਟਲ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਚਾਹ ਪੀਣ ਮੌਕੇ ਕਰੋਨਾ ਮਹਾਮਾਰੀ ਦੌਰਾਨ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਤੇ ਸਿਹਤ ਸਟਾਫ ਨਾਲ ਗੈਰ-ਰਸਮੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਹਾਲ ਤੋਂ ਬਾਹਰ ਆ ਕੇ ਕਰੋਨਾ ਯੋਧਿਆਂ ਨਾਲ ਤਸਵੀਰ ਵੀ ਖਿੱਚਵਾਈ। ਇਸ ਸਮੇਂ ਡਾਕਟਰੀ ਸਿਖਿਆ ਤੇ ਖੋਜ਼ ਮੰਤਰੀ ਓਮ ਪ੍ਰਕਾਸ਼ ਸੋਨੀ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਹਲਕਾ ਉਤਰੀ ਵਿਧਾਇਕ ਸੁਨੀਲ ਦੱਤੀ, ਹਲਕਾ ਪੱਛਮੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਕਮਿਸ਼ਨਰ ਪੁਲੀਸ ਡਾ. ਸੁਖਚੈਨ ਸਿੰਘ ਗਿੱਲ, ਕੌਂਸਲਰ ਮਮਤਾ ਦੱਤਾ, ਸੋਨੂ ਦੱਤੀ, ਨਰਿੰਦਰ ਤੁੰਗ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸੀਨੀਅਰ ਪੁਲੀਸ਼ ਅਧਿਕਾਰੀ, ਸੁਰੱਖਿਆ ਅਤੇ ਮੈਡੀਕਲ ਸਟਾਫ ਹਾਜ਼ਰ ਸੀ।