ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 16 ਜੂਨ
ਕਲੋਨੀਆਂ ਰੈਗੂਲਰ ਕਰਵਾਉਣ ਅਤੇ ਲੋੜੀਂਦੇ ਵਿਕਾਸ ਕਾਰਜਾਂ ਲਈ ਸਵਿਸ ਗਰੀਨ ਤੇ ਸਵਿਸ ਲੈਂਡ ਨਿਵਾਸੀਆਂ ਦੇ ਇੱਕ ਵਫ਼ਦ ਨੇ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੂੰ ਮੰਗ ਪੱਤਰ ਸੌਂਪਿਆ। ਸਵਿਸ ਕਲੋਨੀਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਖੁੰਡਾ ਦੀ ਅਗਵਾਈ ਹੇਠ ਵਫ਼ਦ ਨੇ ਕਮਿਸ਼ਨਰ ਨੂੰ ਦੱਸਿਆ ਕਿ ਉਕਤ ਕਲੋਨੀਆਂ ਦੇ ਵਿਕਾਸ ਕਾਰਜਾਂ ਅਤੇ ਇਨ੍ਹਾਂ ਨੂੰ ਰੈਗੂਲਰ ਕਰਵਾਉਣ ਲਈ ਸਰਕਾਰੀ ਅਧਿਕਾਰੀਆਂ ਵੱਲੋਂ ਵਾਰ-ਵਾਰ ਜ਼ੁਬਾਨੀ ਵਿਸ਼ਵਾਸ ਦਿਵਾਇਆ ਜਾਂਦਾ ਰਿਹਾ ਹੈ, ਪਰ ਅੱਜ ਤੱਕ ਪੱਲੇ ਕੁਝ ਵੀ ਨਹੀਂ ਪਿਆ ਬਲਕਿ ਪਹਿਲਾਂ ਕਲੋਨੀਆਂ ਰੈਗੂਲਰ ਕਰਵਾਉਣ ਲਈ ਕਿਹਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਲੋਨਾਈਜ਼ਰਾਂ ਵੱਲੋਂ ਕਲੋਨੀਆਂ ਨੂੰ ਰੈਗੂਲਰ ਨਾ ਕਰਵਾਉਣ ਕਾਰਨ ਸੜਕਾਂ ਤੇ ਹੋਰ ਵਿਕਾਸ ਕਾਰਜਾਂ ਵਿੱਚ ਵੱਡੀਆਂ ਮੁਸ਼ਕਲਾਂ ਆ ਰਹੀਆਂ ਹਨ। ਕਾਲੋਨਾਈਜ਼ਰਾਂ ਵਿਰੁੱਧ ਲਗਾਤਾਰ ਕਈ ਦਿਨਾਂ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਕਾਲੋਨੀਆਂ ਨੂੰ ਰੈਗੂਲਰ ਨਾ ਕਰਵਾਉਣ ਵਾਲੇ ਕਲੋਨਾਈਜ਼ਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਕਾਲੋਨੀਆਂ ਰੈਗੂਲਰ ਕਰਵਾ ਕੇ ਵਿਕਾਸ ਦੇ ਕੰਮ ਤੁਰੰਤ ਕਰਵਾਏ ਜਾਣ। ਉਨ੍ਹਾਂ ਦੱਸਿਆ ਕਿ ਕਲੋਨੀ ਵਾਸੀਆਂ ਵੱਲੋਂ ਨਗਰ ਨਿਗਮ ਤੋਂ ਨਕਸ਼ੇ ਪਾਸ ਕਰਵਾ ਕੇ, ਐੱਨਓਸੀ ਸਰਟੀਫਿਕੇਟ, ਡਿਵੈਲਪਮੈਂਟ ਚਾਰਜ ਤੇ ਹੋਰ ਲੋੜੀਂਦੇ ਖ਼ਰਚ ਜਮ੍ਹਾਂ ਕਰਵਾਏ ਗਏ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਨਿਗਮ ਕਮਿਸ਼ਨਰ ਮਿੱਤਲ ਨੇ ਮੰਗ ਪੱਤਰ ਲੈ ਕੇ ਕਲੋਨੀ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਪ੍ਰੋ. ਸਰਚਾਂਦ ਸਿੰਘ, ਗੁਰਸਾਹਿਬ ਸਿੰਘ ਮਾੜੀ ਮੇਘਾ, ਜਤਿੰਦਰ ਸਿੰਘ ਰੰਧਾਵਾ, ਅਸ਼ੋਕ ਕੁਮਾਰ ਸ਼ਰਮਾ, ਰਛਪਾਲ ਸਿੰਘ ਰੰਧਾਵਾ, ਸੁਰਿੰਦਰ ਸਿੰਘ ਗੰਡੀਵਿੰਡ, ਪ੍ਰਲਾਜ਼ ਸਿੰਘ, ਸੁਖਵੰਤ ਸਿੰਘ, ਗੌਤਮ ਜੀਤ ਸਿੰਘ ਗੈਵੀ ਵੜੈਚ ਅਤੇ ਹੋਰ ਕਈ ਕਲੋਨੀ ਵਾਸੀ ਮੌਜੂਦ ਸਨ।