ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 21 ਅਕਤੂਬਰ
ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤਕ ਪਹੁੰਚਾਉਣ ਲਈ 28 ਅਤੇ 29 ਅਕਤੂਬਰ ਨੂੰ ਸਬ ਡਿਵੀਜ਼ਨਲ ਅਤੇ ਬਲਾਕ ਪੱਧਰ ’ਤੇ ਵਿਸ਼ਾਲ ਮੈਗਾ ਸੁਵਿਧਾ ਕੈਂਪ ਲਾਏ ਜਾ ਰਹੇ ਹਨ, ਜਿਥੇ ਲੋਕਾਂ ਨੂੰ ਇਕ ਹੀ ਛੱਤ ਥੱਲੇ ਸਾਰੀਆਂ ਭਲਾਈ ਸਕੀਮਾਂ ਦਾ ਲਾਭ ਪੁੱਜਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਵੱਖ ਵੱਖ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਸਾਰੇ ਅਧਿਕਾਰੀ ਆਪਣੇ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਦਫਤਰਾਂ ਵਿਚ ਸਮੇਂ ਦੀ ਪਾਬੰਦੀ ਨੂੰ ਯਕੀਨੀ ਬਣਾਉਣ ਅਤੇ ਖੁਦ ਵੀ ਲੋਕਾਂ ਨਾਲ ਮਿਲਣ ਦਾ ਸਮਾਂ ਨਿਸ਼ਚਿਤ ਕਰਨ ਤਾਂ ਜੋ ਦਫਤਰਾਂ ਵਿਖੇ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਪਬਲਿਕ ਡੀਲਿੰਗ ਕਰਨ ਵਾਲੇ ਕਰਮਚਾਰੀਆਂ ਦੇ ਕੰਮ ਦਾ ਖੁਦ ਨਿਰੀਖਣ ਕਰਨ ਅਤੇ ਆਪੋ ਆਪਣੇ ਦਫਤਰਾਂ ਵਿਚੋਂ ਏਜੰਟਾਂ ਨੂੰ ਬਾਹਰ ਕੱਢਣ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ 28 ਤੇ 29 ਅਕਤੂਬਰ ਨੂੰ ਜ਼ਿਲ੍ਹੇ ਵਿਚ ਮੈਗਾ ਸੁਵਿਧਾ ਕੈਂਪ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁਝ ਵਿਧਾਇਕਾਂ ਨੂੰ ਲੋਕਾਂ ਵਲੋਂ ਸ਼ਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਦਫਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀ ਖਹਿਰਾ ਨੇ ਦੱਸਿਆ ਕਿ 2 ਕਿਲੋਵਾਟ ਤਕ ਬਿਜਲੀ ਦੇ ਬਕਾਇਆ ਦੇ ਮੁਆਫੀ ਦੇ ਫਾਰਮ ਵੀ ਭਰੇ ਜਾਣਗੇ।