ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਸਤੰਬਰ
ਸ੍ਰੀ ਗੁਰੂ ਸਿੱਖ ਸਭਾ ਗੁਰਦੁਆਰਾ ਡਿਬਰੂਗੜ੍ਹ (ਅਸਾਮ) ਦੇ ਮੈਂਬਰਾਂ ਨੇ ਅੱਜ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਦੋਸ਼ ਲਾਇਆ ਹੈ ਕਿ ਦੂਜੇ ਗਰੁੱਪ ਵੱਲੋਂ ਕੀਤੀਆਂ ਜਾ ਰਹੀਆਂ ਗੈਰ-ਸੰਵਿਧਾਨਕ ਕਾਰਵਾਈਆਂ ਕਾਰਨ ਗੁਰਦੁਆਰੇ ਦੇ ਪ੍ਰਬੰਧਕੀ ਮਾਮਲਿਆਂ ਵਿੱਚ ਰੁਕਾਵਟ ਆ ਰਹੀ ਹੈ। ਉਨ੍ਹਾਂ ਨੇ ਅਕਾਲ ਤਖ਼ਤ ਸਕੱਤਰੇਤ ਵਿਖੇ ਮੰਗ ਪੱਤਰ ਸੌਂਪ ਕੇ ਇਸ ਮਾਮਲੇ ਵਿੱਚ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਦਖ਼ਲ ਦੀ ਮੰਗ ਕੀਤੀ ਹੈ। ਸਿੱਖ ਪ੍ਰਤੀਨਿਧੀ ਬੋਰਡ ਪੂਰਬੀ ਜ਼ੋਨ ਦੇ ਪ੍ਰਧਾਨ ਬਘੇਲ ਸਿੰਘ ਨੇ ਦਾਅਵਾ ਕੀਤਾ ਹੈ ਕਿ 18 ਅਗਸਤ ਨੂੰ ਸਾਬਕਾ ਪ੍ਰਧਾਨ ਦਲਜੀਤ ਸਿੰਘ ਸੇਠੀ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਧੂਬੜੀ ਸਾਹਿਬ ਗੁਰਦੁਆਰਾ ਵਿਖੇ ਗੈਰ-ਸੰਵਿਧਾਨਕ ਮੀਟਿੰਗ ਕਰ ਕੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਸੇਠੀ ਧਿਰ ਮੈਂਬਰਾਂ ’ਤੇ ਦਬਾਅ ਬਣਾਉਣ ਲਈ ਕਥਿਤ ਤੌਰ ’ਤੇ ਆਪਣੇ ਸਿਆਸੀ ਸਬੰਧਾਂ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਸਿੱਖ ਬੋਰਡ (1981 ਤੋਂ ਸਥਾਪਤ ਤੇ ਮੌਜੂਦਾ ਸਮੇਂ 182 ਮੈਂਬਰ) ਨੂੰ ਅਸਥਿਰ ਕਰਨਾ ਚਾਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉੱਤਰ ਪੂਰਬ ਖੇਤਰ ਤੋਂ 90 ਫੀਸਦੀ ਤੋਂ ਵੱਧ ਸੰਗਤ ਉਨ੍ਹਾਂ ਨਾਲ ਹੈ। ਉਨ੍ਹਾਂ ਦੋਸ਼ ਲਾਇਆ ਕਿ 18 ਅਗਸਤ ਨੂੰ ਸਿਰਫ 10-12 ਮੈਂਬਰਾਂ ਅਤੇ 20-25 ਸਿੱਖਾਂ ਦੇ ਸਹਿਯੋਗ ਨਾਲ ਗੈਰ-ਸੰਵਿਧਾਨਕ ਮੀਟਿੰਗ ਕਰਕੇ ਮੌਜੂਦਾ ਬੋਰਡ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਇਸ ਦੇ ਬਰਾਬਰ ਬੋਰਡ ਦਾ ਗਠਨ ਕੀਤਾ ਗਿਆ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਬੋਰਡ ਦੇ ਸਕੱਤਰ ਨੇ 25 ਅਗਸਤ ਨੂੰ ਹੰਗਾਮੀ ਮੀਟਿੰਗ ਸੱਦੀ ਜਿਸ ਵਿੱਚ ਲਗਪਗ 130 ਮੈਂਬਰ ਅਤੇ 325 ਸਿੱਖਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਸਰਬਸੰਮਤੀ ਨਾਲ ਇਸ ਦਾ ਵਿਰੋਧ ਕੀਤਾ।