ਟ੍ਰਬਿਿਊੂਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਮਈ
ਬਿਜਲੀ ਨਿਗਮ ਵੱਲੋਂ ਸ਼ਹਿਰੀ ਹਲਕੇ ਵਿੱਚ ਵੱਖ-ਵੱਖ ਥਾਵਾਂ ’ਤੇ ਬਿਜਲੀ ਚੋਰੀ ਰੋਕਣ ਲਈ ਕੀਤੇ ਗਏ ਯਤਨਾਂ ਤਹਿਤ ਇੱਥੇ 933 ਖਪਤਕਾਰਾਂ ਦੇ ਬਿਜਲੀ ਮੀਟਰਾਂ ਦੀ ਜਾਂਚ ਕੀਤੀ ਗਈ ਅਤੇ 17 ਖਪਤਕਾਰਾਂ ਨੂੰ ਬਿਜਲੀ ਚੋਰੀ ਦੇ ਦੋਸ਼ ਹੇਠ 13 ਲੱਖ 90 ਹਜ਼ਾਰ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ।
ਬਿਜਲੀ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਚੋਰੀ ਦੀ ਚੈਕਿੰਗ ਵਿੱਚ ਹੋਟਲ (ਨੇੜੇ ਤਾਰਾ ਵਾਲਾ ਪੁਲ) ’ਚ ਬਿਜਲੀ ਚੋਰੀ ਦਾ ਮਾਮਲਾ ਫੜਿਆ ਗਿਆ। ਉਹ ਮੇਨ ਸਰਵਿਸ ਤੋਂ ਸਿੱਧੀ ਪ੍ਰਾਈਵੇਟ ਬਿਜਲੀ ਦੀ ਤਾਰ ਪਾ ਕੇ ਬਿਜਲੀ ਚੋਰੀ ਕਰ ਰਿਹਾ ਸੀ। ਹੋਟਲ ਵਿੱਚ ਬਿਜਲੀ ਚੋਰੀ ਦਾ ਮਾਮਲਾ ਇੰਜੀ. ਅਮਰੀਕ ਸਿੰਘ ਉਪ ਮੰਡਲ ਅਫਸਰ, ਮਾਲ ਮੰਡੀ ਅਤੇ ਉਸ ਦੀ ਟੀਮ ਵੱਲੋਂ ਫੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਂਟੀ ਪਾਵਰ ਥੈਫਟ ਥਾਣਾ ਨੂੰ ਐਫ.ਆਈ.ਆਰ. ਦਰਜ ਕਰਨ ਲਈ ਦਰਖਾਸਤ ਦੇ ਦਿੱਤੀ ਹੈ ਅਤੇ ਲਗਪਗ 6 ਲੱਖ ਰੁਪਏ ਜੁਰਮਾਨਾ ਪਾਇਆ ਗਿਆ। ਇਸ ਤੋਂ ਇਲਾਵਾ ਟੀਮ ਵੱਲੋ ਇਕ ਹੋਰ ਵਪਾਰਕ ਕੁਨੈਕਸ਼ਨ ਜਿਸ ਦਾ ਲੋਡ 10 ਕਿਲੋਵਾਟ ਹੈ, ਉਹ ਵੀ ਮੀਟਰ ਬਾਈਪਾਸ ਕਰਕੇ ਬਿਜਲੀ ਚੋਰੀ ਕਰਦਾ ਫੜਿਆ ਗਿਆ। ਇਸ ਤੋ ਇਲਾਵਾ ਇਕ ਹੋਰ ਖਪਤਕਾਰ, ਕੋਠੇ ਦੇ ਉਪਰੋਂ ਸਰਵਿਸ ਮੇਨ ਤੋਂ ਪ੍ਰਾਈਵੇਟ ਕੇਬਲ ਪਾ ਕੇ ਬਿਜਲੀ ਚੋਰੀ ਕਰਦਾ ਫੜਿਆ ਗਿਆ। ਇਨ੍ਹਾਂ ਨੂੰ ਬਿਜਲੀ ਚੋਰੀ ਲਈ 11 ਲੱਖ 20 ਹਜ਼ਾਰ ਰੁਪਏ ਜੁਰਮਾਨਾ ਕੀਤਾ। ਉਪ ਮੁੱਖ ਇੰਜਨੀਅਰ ਸਿਟੀ ਸਰਕਲ, ਇੰਜੀ:ਰਾਜੀਵ ਪਰਾਸ਼ਰ ਨੇ ਸਿਟੀ ਸਰਕਲ ਦੇ ਸਮੂਹ ਖਪਤਕਾਰਾ ਨੂੰ ਬਿਜਲੀ ਚੋਰੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਬਿਜਲੀ ਚੋਰੀ ਖ਼ਿਲਾਫ਼ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਬਿਜਲੀ ਚੋਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੌਰਾਨ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਸੂਬੇ ਵਿੱਚ ਬਿਜਲੀ ਚੋਰੀ ਨੂੰ ਰੋਕਣ ਲਈ ਨਾਜਾਇਜ਼ ਕੁਨੈਕਸ਼ਨ ਚਲਾਉਣ ਵਾਲੇ ਖਪਤਕਾਰਾਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।