ਪੱਤਰ ਪ੍ਰੇਰਕ
ਅੰਮ੍ਰਿਤਸਰ, 26 ਸਤੰਬਰ
ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਨ ਸਮੇਂ ਕਿਹਾ ਕਿ ਭਗਵੰਤ ਮਾਨ ਸਰਕਾਰ ਖਿਡਾਰੀਆਂ ਦੇ ਨਾਲ ਹੈ ਅਤੇ ਉਨਾਂ ਦੀ ਹਰ ਸੰਭਵ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਓਲੰਪਿਕ ਵਿੱਚ ਜੇਤੂ ਖਿਡਾਰੀਆਂ ਨੂੰ ਨਗਦ ਇਨਾਮਾਂ ਤੋਂ ਇਲਾਵਾ ਸਰਕਾਰੀ ਨੌਕਰੀਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਖੇਡਾਂ ਨੂੰ ਹੋਰ ਉੱਚਾ ਚੁਕਣ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤਹਿਤ ਬਲਾਕ ਪੱਧਰ ਤੋਂ ਜ਼ਿਲ੍ਹਾ ਪੱਧਰ ਤਕ ਖਿਡਾਰੀਆਂ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਅਤੇ ਇਨ੍ਹਾਂ ਟੂਰਨਾਮੈਂਟਾਂ ਵਿਚ ਪੰਜ ਲੱਖ ਖਿਡਾਰੀ ਭਾਗ ਲੈ ਰਹੇ ਹਨ ਅਤੇ ਸਰਕਾਰ ਵਲੋਂ ਛੇ ਕਰੋੜ ਰੁਪਏ ਦੇ ਇਨਾਮ ਵੀ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਸੂਬਾ ਪੱਧਰ ਤੇ ਪਹਿਲੇ ਸਥਾਨ ਤੇ ਆਉਣ ਵਾਲਿਆਂ ਨੂੰ ਦਸ ਹਜ਼ਾਰ ਰੁਪਏ ਨਗਦ ਇਨਾਮ ਤੇ ਸਰਟੀਫਿਕੇਟ, ਦੂਜੇ ਸਥਾਨ ’ਤੇ ਆਉਣ ਵਾਲਿਆਂ ਨੂੰ ਸੱਤ ਹਜ਼ਾਰ ਰੁਪਏ ਨਗਦ ਇਨਾਮ ਤੇ ਸਰਟੀਫਿਕੇਟ ਅਤੇ ਤੀਜੇ ਸਥਾਨ ’ਤੇ ਆਉਣ ਵਾਲਿਆਂ ਨੂੰ ਪੰਜ ਹਜ਼ਾਰ ਰੁਪਏ ਇਨਾਮ ਦਿੱਤੇ ਜਾਣਗੇ। ਇਸ ਮੌਕੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਸਿਮਰਨਜੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਮੌਜੂਦ ਸਨ।