ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਜੁਲਾਈ
ਥਾਣਾ ਡੀ ਡਵੀਜ਼ਨ ਹੇਠ ਆਉਂਦੀ ਹਿੰਦੋਸਤਾਨ ਬਸਤੀ ਤੋਂ ਲਗਪਗ ਦੋ ਮਹੀਨੇ ਪਹਿਲਾਂ ਅਗਵਾ ਹੋਈ ਨਾਬਾਲਗ ਕੁੜੀ ਨੂੰ ਪੁਲੀਸ ਨੇ ਬਰਾਮਦ ਕਰ ਲਿਆ ਹੈ ਅਤੇ ਇਸ ਸਬੰਧ ਵਿੱਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਵੱਲੋਂ ਇਸ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਮਨਜੀਤ ਸਿੰਘ ਉਰਫ ਹੈਪੀ ਵਾਸੀ ਕੋਟਮਿੱਤ ਸਿੰਘ ਵਜੋਂ ਦੱਸੀ ਗਈ ਹੈ, ਜਿਸ ਕੋਲੋਂ ਇਹ ਕੁੜੀ ਬਰਾਮਦ ਹੋਈ ਹੈ। ਦੁਰਗਿਆਨਾ ਮੰਦਰ ਪੁਲੀਸ ਚੌਕੀ ਵੱਲੋਂ ਇਸ ਸਬੰਧ ਵਿੱਚ 25 ਅਪਰੈਲ ਨੂੰ ਆਈਪੀਸੀ ਦੀ ਧਾਰਾ 346,363,366 ਹੇਠ ਕੇਸ ਦਰਜ ਕੀਤਾ ਗਿਆ ਸੀ। ਇਹ ਕੇਸ ਨਾਬਾਲਗ ਕੁੜੀ ਦੀ ਮਾਂ ਸੰਤਰੀ ਦੇਵੀ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਦਰਜ ਕੀਤਾ ਸੀ।
ਇਸ ਸਬੰਧ ਵਿੱਚ ਚੌਕੀ ਇੰਚਾਰਜ ਏਐੱਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਅਗਵਾ ਹੋਈ ਨਾਬਾਲਗ ਕੁੜੀ ਦੀ ਉਮਰ ਸਿਰਫ 16 ਸਾਲ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮ ਕੋਲੋਂ ਮੁੱਢਲੇ ਤੌਰ ’ਤੇ ਕੀਤੀ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਉਹ ਇਸ ਨਾਬਾਲਗ ਕੁੜੀ ਨੂੰ ਹਰਿਦੁਆਰ, ਰਿਸ਼ੀਕੇਸ਼, ਤਖ਼ਤ ਸ੍ਰੀ ਹਜ਼ੂਰ ਸਾਹਿਬ, ਫਤਹਿਗੜ੍ਹ ਸਾਹਿਬ ਤੇ ਹੋਰ ਵੱਖ ਵੱਖ ਧਾਰਮਿਕ ਸਥਾਨਾਂ ’ਤੇ ਲੈ ਕੇ ਗਿਆ ਅਤੇ ਉਥੇ ਰਹਿੰਦਾ ਰਿਹਾ ਹੈ। ਹੁਣ ਜਦੋਂ ਉਸ ਕੋਲ ਪੈਸੇ ਖ਼ਤਮ ਹੋ ਗਏ ਤਾਂ ਉਹ ਅੰਮ੍ਰਿਤਸਰ ਵਾਪਸ ਪਰਤ ਆਇਆ। ਇਸ ਦੌਰਾਨ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਕੁੜੀ ਨੂੰ ਬਰਾਮਦ ਕਰ ਲਿਆ ਹੈ।