ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਸਤੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਵੱਖ ਵੱਖ ਕਿਸਾਨ ਮੰਗਾਂ ਨੂੰ ਲੈ ਕੇ 28 ਸਤੰਬਰ ਤੋਂ ਪੰਜਾਬ ਵਿਚ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਦੇ ਬਾਹਰ ਲਾਏ ਜਾ ਰਹੇ ਪੱਕੇ ਧਰਨੇ ਅਤੇ 27 ਸਤੰਬਰ ਦੇ ਭਾਰਤ ਬੰਦ ਨੂੰ ਸਫਲ ਕਰਨ ਲਈ ਵੱਖ ਵੱਖ ਜ਼ੋਨਾਂ ਵਿਚ ਤਿਆਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਗੁਰਲਾਲ ਸਿੰਘ ਮਾਨ, ਬਲਦੇਵ ਸਿੰਘ ਬੱਗਾ ਦੀ ਅਗਵਾਈ ਹੇਠ ਅੱਜ ਪਿੰਡ ਅਬਦਾਲ ਵਿਚ ਬੀਬੀਆਂ ਦਾ ਵੱਡਾ ਇਕੱਠ ਕੀਤਾ ਗਿਆ।
ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਵਰਿਆਮ ਆਦਿ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਾਉਣ ਆਦਿ ਮੰਗਾਂ ਨੂੰ ਲੈ ਕੇ 28 ਸਤੰਬਰ ਤੋਂ ਡੀਸੀ ਦਫ਼ਤਰਾਂ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਸ਼ਾਹਕੋਟ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਜ਼ੋਨ ਸ਼ਾਹਕੋਟ ਦੀ ਮੀਟਿੰਗ ਜਰਨੈਲ ਸਿੰਘ ਰਾਮੇ ਦੀ ਪ੍ਰਧਾਨਗੀ ਹੇਠ ਪਿੰਡ ਰੇੜ੍ਹਵਾਂ ਵਿਖੇ ਹੋਈ। ਸੂਬਾ ਵਿੱਤ ਸਕੱਤਰ ਗੁਰਲਾਲ ਸਿੰਘ ਪੰਡੋਰੀ ਨੇ ਕਿਹਾ ਹੰਕਾਰੀ ਹੋਈ ਮੋਦੀ ਸਰਕਾਰ ਦਾ ਗਰੂਰ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਤੇ ਤਿੱਖਾ ਕਰਨ ਨਾਲ ਹੀ ਤੋੜਿਆ ਜਾ ਸਕਦਾ ਹੈ। ਉਨ੍ਹਾਂ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਹਰ ਵਰਗ ਤੋਂ ਸਹਿਯੋਗ ਦੀ ਮੰਗ ਕੀਤੀ।
ਮਾਨਸਰ (ਪੱਤਰ ਪ੍ਰੇਰਕ): ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਭੰਗਾਲਾ ਤੇ ਗੁਰਦਾਸਪੁਰ ਵਿਚ ਬੈਠਕਾਂ ਕੀਤੀਆਂ ਗਈਆਂ। ਭੰਗਾਲਾ ‘ਚ ਬੈਠਕ ਨੂੰ ਸੰਬੋਧਨ ਕਰਦਿਆਂ ਵਿਜੇ ਕੁਮਾਰ ਬਹਬਿਲਮੰਜ, ਜਗਦੇਵ ਸਿੰਘ ਭੱਟੀਆਂ, ਸੋਰਵ ਮਿਨਹਾਸ, ਸੁਰਜੀਤ ਸਿੰਘ ਬਿੱਲਾ ਨੇ ਕਿਹਾ ਕਿ ਕਾਰਪੋਰੇਟ ਘਰਾਣੇ ਦੇਸ਼ ਦੇ ਕਿਸਾਨਾਂ ਕਿਰਤੀਆਂ ਨੂੰ ਉਨ੍ਹਾਂ ਦੀ ਜ਼ਮੀਨ ਅਤੇ ਰੁਜ਼ਗਾਰ ਤੋਂ ਵਾਂਝਾ ਕਰਕੇ ਆਪ ਉਸ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ ਜਿਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪਿੰਡਾਂ ਵਿਚ ਲਾਮਬੰਦੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
ਫਤਿਹਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਫਤਹਿਗੜ੍ਹ ਚੂੜੀਆਂ ਵੱਲੋਂ 27 ਸਤੰਬਰ ਦੇ ਭਾਰਤ ਬੰਦ ਦੀ ਸਫਲਤਾ ਲਈ ਤਿਆਰੀ ਸਬੰਧੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਵਿੱਚ ਪਿੰਡ ਮੰਜਿਆਂਵਾਲੀ ਵਿਖੇ ਹੋਈ। ਕਿਸਾਨ ਆਗੂਆਂ ਨੇ ਕਿਹਾ ਕਿ 27 ਸਤੰਬਰ ਨੂੰ ਫਤਹਿਗੜ੍ਹ ਚੂੜੀਆਂ ਦੀ ਦਾਣਾ ਮੰਡੀ ਵਿਖੇ ਸੜਕ ਨੂੰ ਜਾਮ ਕੀਤਾ ਜਾਵੇਗਾ।
ਤਰਨ ਤਾਰਨ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿੰਡ ਪਿੱਦੀ ਦੇ ਗੁਰਦੁਆਰਾ ਬਾਬਾ ਕਾਹਨ ਸਿੰਘ ਵਿੱਚ ਅੱਜ ਕਿਸਾਨਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਵਿੱਚ ਕੀਤੀ ਮੀਟਿੰਗ ਵਿੱਚ ਦੱਸਿਆ ਗਿਆ ਕਿ ਜ਼ਿਲ੍ਹੇ ਤੋਂ ਇਕ ਵਿਸ਼ਾਲ ਕਾਫਲਾ ਦਿੱਲੀ ਦੇ ਬਾਰਡਰ ਤੇ ਚਲਾਏ ਜਾ ਰਹੇ ਅੰਦੋਲਨ ਵਿੱਚ ਸ਼ਾਮਲ ਕਰਵਾਉਣ ਲਈ 25 ਸਤੰਬਰ ਨੂੰ ਰਵਾਨਾ ਕੀਤਾ ਜਾਵੇਗਾ|
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਜ਼ਿਲਾ ਆਗੂ ਜਗਬੀਰ ਸਿੰਘ ਛੀਨਾ ਦੀ ਅਗਵਾਈ ਹੇਠ ਅੱਡਾ ਕੁੱਕੜਾਂਵਾਲਾ ਵਿਖੇ ਹੋਈ ਜਿਸ ਵਿਚ ਇਲਾਕੇ ਦੇ ਪ੍ਰਮੁੱਖ ਆਗੂਆਂ ਵੱਲੋਂ ਸ਼ਿਰਕਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨੌਜਵਾਨ ਕਿਸਾਨ ਆਗੂ ਸੁਖਦੀਪ ਸਿੰਘ ਛੀਨਾਂ, ਹਰਪਾਲ ਸਿੰਘ ਛੀਨਾ ਅਤੇ ਕਾਬਲ ਸਿੰਘ ਛੀਨਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਨੂੰ ਲਾਗੂ ਕਰਨ ਲਈ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਰੱਖਣ ਦਾ ਐਲਾਨ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਕਾਮਯਾਬ ਕਰਨ ਲਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪਿੰਡਾਂ ਵਿਚ ਮੀਟਿੰਗਾਂ ਕਰਨ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਤੇ ਉਪ ਪ੍ਰਧਾਨ ਕਿਰਪਾਲ ਸਿੰਘ ਮੂਸੁਪਾਰ ਨੇ ਦੱਸਿਆ ਕਿ ਜਲੰਧਰ, ਫਗਵਾੜਾ, ਨਵਾਂਸ਼ਹਿਰ ਤੇ ਹੁਸ਼ਿਆਰਪੁਰ ਦੇ ਪਿੰਡਾਂ ਵਿਚ ਕਿਸਾਨਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਧਰ 27 ਦੇ ਭਾਰਤ ਬੰਦ ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਵੱਲੋਂ ਦੁਕਾਨਦਾਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਤੇ ਸਾਰੀਆਂ ਐਸੋਸੀਏਸ਼ਨਾਂ ਵੱਲੋਂ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ।