ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸਥਾਨਕ ਪੁਤਲੀਘਰ ਇਲਾਕੇ ਵਿਚ ਬਜ਼ੁਰਗ ਔਰਤ ਦਾ ਕਤਲ ਹੋ ਗਿਆ। ਉਸ ਦੀ ਲਾਸ਼ ਅੱਜ ਸ਼ਾਮ ਨੂੰ ਮਿਲੀ ਹੈ। ਮ੍ਰਿਤਕ ਔਰਤ ਦੀ ਪਛਾਣ ਸੁਰਜੀਤ ਕੌਰ ਵਜੋਂ ਹੋਈ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਸ ਕਤਲ ਪਿੱਛੇ ਲੁੱਟ ਖੋਹ ਦਾ ਮਾਮਲਾ ਨਜ਼ਰ ਆਉਂਦਾ ਹੈ। ਮ੍ਰਿਤਕ ਔਰਤ ਦਾ ਪਤੀ ਸੁਖਵਿੰਦਰ ਸਿੰਘ ਦੀ ਸਾਈਕਲਾਂ ਦੀ ਮੁਰੰਮਤ ਦੀ ਦੁਕਾਨ ਹੈ ਅਤੇ ਉਹ ਘਟਨਾ ਵੇਲੇ ਆਪਣੀ ਦੁਕਾਨ ’ਤੇ ਸੀ। ਕਤਲ ਦੀ ਜਾਣਕਾਰੀ ਉਸ ਵੇਲੇ ਮਿਲੀ ਜਦੋਂ ਘਰ ਵਿਚ ਕੰਮ ਕਰਦੀ ਔਰਤ ਘਰ ਪੁੱਜੀ ਅਤੇ ਉਸ ਨੇ ਘਰ ਦੇ ਅੰਦਰ ਲਾਸ਼ ਦੇਖੀ। ਮ੍ਰਿਤਕ ਔਰਤ ਦੇ ਗਲੇ ’ਤੇ ਕੁਝ ਨਿਸ਼ਾਨ ਹਨ ਜਿਸ ਤੋਂ ਲੱਗਦਾ ਹੈ ਕਿ ਉਸ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਹੋ ਸਕਦਾ ਹੈ। ਘਰ ਦਾ ਅੰਦਰ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਕੁਝ ਨਕਦੀ ਅਤੇ ਗਹਿਣੇ ਗਾਇਬ ਹਨ। ਪੁਲੀਸ ਵੱਲੋਂ ਨੇੜਲੀਆਂ ਇਮਾਰਤਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਘੋਖਿਆ ਜਾ ਰਿਹਾ ਹੈ। ਇਹ ਬਜ਼ੁਰਗ ਜੋੜਾ ਇੱਥੇ ਇਕੱਲਾ ਹੀ ਰਹਿੰਦਾ ਹੈ ਅਤੇ ਉਸ ਦਾ ਪੁੱਤਰ ਵਿਦੇਸ਼ ਗਿਆ ਹੋਇਆ ਹੈ।