ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 6 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵੱਲੋਂ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਦੀ ਤੀਜੀ ਮੰਜ਼ਿਲ ’ਤੇ ਸਥਾਪਤ ਨਾਵਲ ਦੇ ਪਿਤਾਮਾ ਨਾਨਕ ਸਿੰਘ ਸੈਂਟਰ ਦਾ ਉਦਘਾਟਨ ਅੱਜ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਕੀਤਾ। ਜਿਸ ’ਚ ਨਾਨਕ ਸਿੰਘ ਦੀਆਂ ਦੁਰਲੱਭ ਪੁਸਤਕਾਂ ਦੇ ਮੁੱਢਲੇ ਐਡੀਸ਼ਨ, ਹੱਥ ਲਿਖਤਾਂ, ਸਮੁੱਚਾ ਸਾਹਿਤ, ਉਨ੍ਹਾਂ ਨੂੰ ਮਿਲੇ ਸਨਮਾਨ, ਉਨ੍ਹਾਂ ਦਾ ਪੈੱਨ ਤੇ ਤਖ਼ਤੀ, ਉਨ੍ਹਾਂ ਦੇ ਜੀਵਨ ਨਾਲ ਸਬੰਧਿਤ ਸਾਰੀਆਂ ਚੀਜ਼ਾਂ, ਕਿਤਾਬਾਂ ਦੇ ਸਰਵਰਕਾਂ ਵਜੋਂ ਚਿੱਤਰਕਾਰ ਸੋਭਾ ਸਿੰਘ ਵੱਲੋਂ ਬਣਾਏ ਮੌਲਿਕ ਚਿੱਤਰ, ਉਨ੍ਹਾਂ ਦੀਆਂ ਤਸਵੀਰਾਂ, ਜੀਵਨ ਦਰਸ਼ਨ ਤੇ ਵੱਡੀ ਦੀਵਾਰ ਉੱਪਰ ਲਿਖੀ ਗਈ ਉਨ੍ਹਾਂ ਦੀ ਲਾਈਫ਼ ਲਾਈਨ ਆਦਿ ਸਾਰਾ ਕੁਝ ਸੁਰੱਖਿਅਤ ਰੱਖ ਦਿੱਤਾ ਗਿਆ ਹੈ, ਜਿਸ ਨੂੰ ਹੁਣ ਕੋਈ ਵੀ ਆਣ ਕੇ ਇਥੇ ਵੇਖ ਸਕਦਾ ਹੈ ਤੇ ਉਨ੍ਹਾਂ ਬਾਰੇ ਹੋਰ ਜੋ ਕੋਈ ਵੀ ਸਾਹਿਤਕ ਕੰਮ ਹੈ, ਕਰ ਸਕਦਾ ਹੈ।
ਪਰਿਵਾਰ ਦੇ ਮੈਂਬਰਾਂ ਵੱਲੋਂ ਸਕਾਲਰਸ਼ਿਪ ਦੇਣ, ਵਰਚੁਅਲ ਸੈਂਟਰ ਬਣਾਉਣ ਅੇ ਉਨ੍ਹਾਂ ਦੇ ਪਿੰਡ ਪ੍ਰੀਤ ਨਗਰ `ਚ ਨਾਨਕ ਸਿੰਘ ਨਿਵਾਸ ਨੂੰ ਵੀ ਯਾਦਗਾਰੀ ਬਣਾਉਣ ਦਾ ਐਲਾਨ, ਨਾਨਕ ਸਿੰਘ ਦੇ ਪੋਤਰੇ ਨਵਦੀਪ ਸਿੰਘ ਸੂਰੀ ਨੇ ਸੈਨੇਟ ਹਾਲ ’ਚ ਰੱਖੇ ਉਦਘਾਟਨੀ ਸਮਾਰੋਹ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਲਿਟਰੇਰੀ ਫਾਉਂਡੇਸ਼ਨ ਵੱਲੋਂ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨਾਨਕ ਸਿੰਘ ਸੈਂਟਰ ਦੇ ਉਦੇਸ਼ਾਂ ਨੂੰ ਸਾਂਝਿਆਂ ਕਰਦਿਆਂ ਕਿਹਾ ਕਿ ਇਸ ਸੈਂਟਰ ਦਾ ਮਨੋਰਥ ਨਾਨਕ ਸਿੰਘ ਦੀਆਂ ਸਾਹਿਤਕ ਕਿਰਤਾਂ ਨੂੰ ਸਾਂਭਣ ਤੇ ਇਸ ਪ੍ਰਤੀ ਖੋਜ-ਕਾਰਜਾਂ ਨੂੰ ਉਤਸ਼ਾਹਿਤ ਕਰਨ ਨਾਲ ਸਬੰਧਤ ਹੈ। ਮਨੀ ਸੂਰੀ ਨੇ ਵੀਡੀਓਗ੍ਰਾਫੀ ਰਾਹੀਂ ਨਾਨਕ ਸਿੰਘ ਸੈਂਟਰ ਦੀ ਰੂਪ-ਰੇਖਾ ਤੋਂ ਜਾਣੂ ਕਰਵਾਇਆ।
ਡਾ. ਸੰਧੂ ਨੇ ਕਿਹਾ ਕਿ ਨਾਨਕ ਸਿੰਘ ਸੈਂਟਰ ਦੀ ਸਥਾਪਨਾ ਨਾਲ ਯੂਨੀਵਰਸਿਟੀ ਦੇ ਮਾਣ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਰਾਹੀਂ ਨਾਨਕ ਸਿੰਘ ਦੇ ਸਮੁੱਚੇ ਸਾਹਿਤਕ ਕਾਰਜ ਨੂੰ ਵਿਦਿਆਰਥੀਆਂ ਲਈ ਸੁਰੱਖਿਅਤ ਤੇ ਪ੍ਰਦਰਸ਼ਿਤ ਕੀਤਾ ਗਿਆ ਹੈ। ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਨਾਨਕ ਸਿੰਘ ਦੀ ਤੁਲਨਾ ਟਾਲਸਟਾਏ ਤੇ ਮੁਨਸ਼ੀ ਪ੍ਰੇਮਚੰਦ ਨਾਲ ਕਰਦਿਆਂ ਉਨ੍ਹਾਂ ਨੂੰ ਪੰਜਾਬ ਦੀਆਂ ਭੂਗੋਲਿਕ ਹੱਦਾਂ ਤੋਂ ਪਾਰ ਫੈਲ ਕੇ ਹੋਂਦ ਸਥਾਪਿਤ ਕਰਨ ਵਾਲਾ ਸਾਹਿਤਕਾਰ ਮੰਨਿਆ। ਨਾਨਕ ਸਿੰਘ ਦੇ ਪੁੱਤਰ ਡਾ. ਕੁਲਬੀਰ ਸਿੰਘ ਸੂਰੀ ਨੇ ਉਨ੍ਹਾਂ ਨਾਲ ਬਿਤਾਏ ਜੀਵਨ ਅਨੁਭਵਾਂ ਬਾਰੇ ਗੱਲਬਾਤ ਕਰਦਿਆਂ ਨਾਨਕ ਸਿੰਘ ਨੂੰ ਸਾਦਗੀ ਕੇਂਦ੍ਰਿਤ ਸ਼ਖ਼ਸੀਅਤ ਮੰਨਿਆ। ਉਪਰੰਤ ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਦੇ ਉਪ-ਚੇਅਰਮੈਨ ਜਤਿੰਦਰ ਬਰਾੜ ਨੇ ਨਾਨਕ ਸਿੰਘ ਦੀ ਸਿਰਜਣ ਪ੍ਕਿਰਿਆ ਬਾਰੇ ਨਾਨਕ ਸਿੰਘ ਨੂੰ ਉੱਚ ਮਾਨਵੀ ਆਦਰਸ਼ਾਂ ਨੂੰ ਸਥਾਪਿਤ ਕਰਨ ਵਾਲਾ ਲੇਖਕ ਮੰਨਿਆ। ਨਾਨਕ ਸਿੰਘ ਦੇ ਵੱਡੇ ਸਪੁੱਤਰ ਕੰਵਲਜੀਤ ਸਿੰਘ ਸੂਰੀ ਨੇ ਨਾਨਕ ਸਿੰਘ ਦੀ ਸੰਗੀਤਕ ਰੁਚੀ ਬਾਰੇ ਗੱਲ ਕਰਦਿਆਂ ਉਨ੍ਹਾਂ ਦੀ ਰਚਨਾ `ਦੂਰ ਕਿਨਾਰਾ` ਵਿੱਚੋਂ ਗੀਤ ਪੇਸ਼ ਕੀਤਾ। ਗਾਇਕ ਹਰਿੰਦਰ ਸੋਹਲ ਨੇ ਨਾਨਕ ਸਿੰਘ ਦੇ ਰਚਿਤ ਗੀਤ ‘ਅੱਲ੍ਹਾ ਹੀ ਅੱਲ੍ਹਾ’ ਕਰਿਆ ਕਰ ਪੇਸ਼ ਕੀਤਾ। ਡਾ. ਗੁਰਉਪਦੇਸ਼ ਸਿੰਘ ਨੇ ਨਵਦੀਪ ਸਿੰਘ ਸੂਰੀ ਵੱਲੋਂ ਪੰਜਾਬੀ ਤੋਂ ਅੰਗਰੇਜ਼ੀ ’ਚ ਅਨੁਵਾਦਿਤ ਨਾਨਕ ਸਿੰਘ ਦੀਆਂ ਰਚਨਾਵਾਂ ‘ਖ਼ੂਨ ਦੇ ਸੋਹਿਲੇ’, ‘ਖ਼ੂਨੀ ਵਿਸਾਖੀ’ ਅਤੇ ‘ਅੱਗ ਦੀ ਖੇਡ’ ਬਾਰੇ ਚਰਚਾ ਕੀਤੀ। ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਸਮਾਰੋਹ ਵਿਚ ਸ਼ਾਮਲ ਹੋਣ ਲਈ ਵਿਦਵਾਨਾਂ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।