ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 23 ਨਵੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸਰਦਾਰ ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵੱਲੋਂ ਪਹਿਲਾ ਨਾਨਕ ਸਿੰਘ ਯਾਦਗਾਰੀ ਭਾਸ਼ਣ ਕਰਵਾਇਆ ਗਿਆ। ਇਸ ਭਾਸ਼ਣ ਦੇ ਮੁੱਖ ਬੁਲਾਰੇ ਮੁਖੀ ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ ਪ੍ਰੋ. ਰਵੀ ਰਵਿੰਦਰ ਸਨ। ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ, ਡਾ. ਹਰਦੀਪ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਪ੍ਰਤੀ ਪੂਰਨ ਵਚਨਬੱਧ ਹੈ। ਸ੍ਰੀ ਨਾਨਕ ਸਿੰਘ ਦੇ ਪੋਤਰੇ ਅਤੇ ਨਾਨਕ ਸਿੰਘ ਲਿਟਰੇਰੀ ਫਾਊਡੇਸ਼ਨਜ਼ ਦੇ ਸੰਸਥਾਪਕ ਨਵਦੀਪ ਸਿੰਘ ਸੂਰੀ (ਆਈਐੱਫਐੱਸ) ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਸੰਸਥਾ ਦੀ ਸਥਾਪਨਾ ਦਾ ਮੂਲ ਮੰਤਵ ਨਾਨਕ ਸਿੰਘ ਦੇ ਸਾਹਿਤਕ ਯੋਗਦਾਨ ਅਤੇ ਉਨ੍ਹਾਂ ਦੀਆਂ ਸਿਮਰਤੀਆਂ ਨੂੰ ਸਾਂਭਣਾ ਹੈ। ਇਸ ਸਾਂਭ- ਸੰਭਾਲ ਲਈ ਉਨ੍ਹਾਂ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਅਤੇ ਯੂਨੀਵਰਸਿਟੀ ਦੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ. ਪ੍ਰੋਫ਼ੈਸਰ ਰਵੀ ਰਵਿੰਦਰ ਨੇ ਨਾਨਕ ਸਿੰਘ ਦੀ ਰਚਨਾਕਾਰੀ ਸਬੰਧੀ ਚਰਚਾ ਕਰਦਿਆਂ ਉਨ੍ਹਾਂ ਨੂੰ ਇਕੋ ਵੇਲੇ ਆਦਰਸ਼ਵਾਦ, ਸੁਹਜਵਾਦ, ਸੁਧਾਰਵਾਦ ਅਤੇ ਯਥਾਰਥਵਾਦ ਨਾਲ ਜੁੜੀ ਹੋਈ ਸ਼ਖਸੀਅਤ ਸਵੀਕਾਰਿਆ। ਪ੍ਰੋਫ਼ੈਸਰ ਰਵੀ ਰਵਿੰਦਰ, ਡਾ. ਸੁਖਦੇਵ ਸਿੰਘ ਅਤੇ ਡਾ. ਹਰੀਸ਼ ਚੰਦਰ ਦੁਆਰਾ ਸੰਪਾਦਿਤ ਪੁਸਤਕ ਜਗਤ ਗੁਰੂ ਤੇਗ ਬਹਾਦਰ : ਇਕ ਪੁਸਤਕਾਵਲੀ (ਪੰਜਾਬੀ, ਅੰਗਰੇਜੀ ਤੇ ਹਿੰਦੀ) ਰਿਲੀਜ਼ ਕੀਤੀ । ਨਾਟਕਕਾਰ ਜਤਿੰਦਰ ਬਰਾੜ ਨੇ ਪ੍ਰਬੰਧਕੀ ਕਮੇਟੀ, ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਸੰਚਾਲਨ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕੀਤਾ। ਸਮਾਗਮ ਵਿੱਚ ਕੰਵਲਜੀਤ ਸਿੰਘ ਸੂਰੀ ਤੇ ਡਾ. ਕੁਲਬੀਰ ਸਿੰਘ ਸੂਰੀ (ਪੁੱਤਰ) ਸ੍ਰੀਮਤੀ ਪੁਸ਼ਪਿੰਦਰ ਕੌਰ (ਬੇਟੀ), ਪ੍ਰੋ. ਗੁਰਿੰਦਰ ਕੌਰ ਸੂਰੀ (ਮਿਸਿਜ ਡਾ. ਕੁਲਬੀਰ ਸਿੰਘ ਸੂਰੀ) ਸ੍ਰੀਮਤੀ ਮਨੀ ਸੂਰੀ (ਮਿਸਿਜ ਨਵਦੀਪ ਸਿੰਘ ਸੂਰੀ ), ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪਰਿਵਾਰਕ ਮੈਂਬਰ, ਪ੍ਰੋਫੈਸਰ ਸਹਬਿਾਨ, ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।