ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 10 ਜੁਲਾਈ
ਜ਼ਿਲ੍ਹਾ ਅਤੇ ਸੈਸ਼ਨਜ਼-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਪ੍ਰੀਤ ਕੌਰ ਰੰਧਾਵਾ ਦੀ ਰਹਿਨੁਮਾਈ ਅਤੇ ਪੁਸ਼ਪਿੰਦਰ ਸਿੰਘ ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵਲੋਂ ਅੱਜ ਨੈਸ਼ਨਲ ਲੋਕ ਅਦਾਲਤ ਲਾਈ ਗਈ। ਇਹ ਕੌਮੀ ਲੋਕ ਅਦਾਲਤ ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ ਅਤੇ ਇਸ ਦੇ ਨਾਲ ਤਹਿਸੀਲਾਂ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿੱਚ ਵੀ ਲਗਾਈ ਗਈ। ਇਸ ਅਦਾਲਤ ਵਿੱਚ ਚੈੱਕ, ਬੈਂਕਾਂ, ਜ਼ਮੀਨੀ ਵਿਵਾਦਾਂ, ਘਰੇਲੂ ਝਗੜਿਆਂ ਅਤੇ ਹੋਰ ਤਕਰੀਬਨ ਸਾਰੇ ਕਿਸਮਾਂ ਦੇ ਕੇਸਾਂ ਦਾ ਨਬਿੇੜਾ ਕੀਤਾ ਗਿਆ। ਕੌਮੀ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ ਲਈ ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ ਅਤੇ ਤਹਿਸੀਲਾਂ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿੱਚ ਕੁੱਲ 24 ਬੈਂਚ ਬਣਾਏ ਗਏ ਸਨ, ਜਿਸ ਵਿਚੋਂ 20 ਬੈਂਚ ਅੰਮ੍ਰਿਤਸਰ, 1 ਬੈਂਚ ਸਥਾਈ ਲੋਕ ਅਦਾਲਤ ਅਤੇ 1 ਬੈਂਚ ਅਜਨਾਲਾ ਅਤੇ 1 ਬੈਂਚ ਬਾਬਾ ਬਕਾਲਾ ਸਾਹਿਬ ਤਹਿਸੀਲਾਂ ਵਿੱਚ ਲਗਾਏ ਗਏ। ਇਸ ਸਬੰਧੀ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਇਸ ਅਦਾਲਤ ਦੇ ਸਾਰੇ ਬੈਂਚਾਂ ਵਲੋਂ ਕੁੱਲ 5899 ਕੇਸ ਸੁਣਵਾਈ ਵਾਸਤੇ ਰੱਖੇੇ ਗਏ ਸਨ, ਜਿਨ੍ਹਾਂ ਵਿਚੋਂ ਆਪਸੀ ਰਾਜ਼ੀਨਾਮੇ ਨਾਲ ਕੁੱਲ 9,20,40,596 ਰੁਪਏ ਦੀ ਰਕਮ ਦੇ 979 ਕੇਸਾਂ ਦਾ ਨਬਿੇੜਾ ਕੀਤਾ ਗਿਆ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਰੁਪਿੰਦਰਜੀਤ ਚਹਿਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੌਮੀ ਲੋਕ ਅਦਾਲਤ ਲਾਈ ਗਈ। ਇਸ ਦੌਰਾਨ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਨੇ ਦੱਸਿਆ ਕਿ ਜਲੰਧਰ ਵਿਚ 15, ਨਕੋਦਰ ਵਿੱਚ 2 ਅਤੇ ਫਿਲੌਰ ਵਿਚ 1, ਕੁੱਲ 18 ਬੈਂਚ ਸਥਾਪਤ ਕੀਤੇ ਗਏ, ਜਿਨ੍ਹਾਂ ਵਿੱਚ ਉਪਰੋਕਤ ਸ਼੍ਰੇਣੀਆਂ ਨਾਲ ਸਬੰਧਤ ਕੁੱਲ 6153 ਕੇਸ ਸੁਣਵਾਈ ਲਈ ਰੱਖੇ ਗਏ। ਇਨ੍ਹਾਂ ਵਿੱਚੋਂ 2902 ਕੇਸਾਂ ਦਾ ਨਬਿੇੜਾ ਮੌਕੇ ’ਤੇ ਹੀ ਰਾਜ਼ੀਨਾਮੇ ਰਾਹੀਂ ਕਰਵਾਇਆ ਗਿਆ। ਇਨ੍ਹਾਂ ਕੇਸਾਂ ਵਿੱਚ ਕੁੱਲ 11,52,8,153 ਰੁਪਏ ਦੇ ਝਗੜੇ ਮੁਕਾਏ ਗਏ।