ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 26 ਅਗਸਤ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸਪੀ ਸਿੰਘ ਓਬਰਾਏ ਨੇ ਆਖਿਆ ਕਿ ਉਹ ਨਾ ਤਾਂ ਸਿਆਸਤ ਵਿਚ ਆਉਣ ਦੇ ਚਾਹਵਾਨ ਹਨ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਲਈ ਮੁੱਖ ਮੰਤਰੀ ਦਾ ਚਿਹਰਾ ਬਣਨਗੇ। ਮੀਡੀਆ ਵਿੱਚ ਚੱਲ ਰਹੀਆਂ ਅਜਿਹੀਆਂ ਕਿਆਸਅਰਾਈਆਂ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਆਪਣੇ ਮਨ ਦੀ ਸ਼ਾਂਤੀ ਅਤੇ ਲੋਕਾਂ ਦੀ ਸੇਵਾ ਲਈ ਹੀ ਸਮਾਜ ਸੇਵਾ ਦਾ ਰਾਹ ਚੁਣਿਆ ਹੈ ਅਤੇ ਇਸੇ ਤਰ੍ਹਾਂ ਇਹ ਕੰਮ ਜਾਰੀ ਰੱਖਾਂਗਾ। ਡਾ. ਓਬਰਾਏ ਵਲੋਂ ਕਰੋਨਾ ਕਾਲ ਦੌਰਾਨ ਸਮਾਜ ਭਲਾਈ ਦੇ ਅਣਗਿਣਤ ਕੰਮ ਕੀਤੇ ਗਏ ਹਨ ਅਤੇ ਇਹ ਸਮਾਜ ਭਲਾਈ ਦੇ ਕੰਮ ਹੁਣ ਵੀ ਲਗਾਤਾਰ ਜਾਰੀ ਹਨ। ਉਨ੍ਹਾਂ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿਚ ਵੀ ਕਈ ਅਹਿਮ ਕੰਮ ਕੀਤੇ ਗਏ ਹਨ। ਡਾਇਲਸਿਸ ਯੂਨਿਟ ਤੇ ਲੈਬਾਰਾਟਰੀਆਂ ਦੀ ਵਿਵਸਥਾ, ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਨੂੰ ਵੈਂਟੀਲੇਟਰ, ਆਕਸੀਜਨ ਕੰਸਨਟ੍ਰੇਟਰ, ਅਲਟਰਾਸਾਊਂਡ, ਈ.ਸੀ.ਜੀ. ਤੇ ਡਿਜੀਟਲ ਐਕਸਰੇ ਮਸ਼ੀਨਾਂ ਆਦਿ ਭੇਟ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਕੋਲੋਂ ਜੋ ਛੋਟੇ ਸਿਵਲ ਹਪਸਤਾਲ ਨਹੀਂ ਚੱਲ ਰਹੇ, ਸਰਬੱਤ ਦਾ ਭਲਾ ਟਰੱਸਟ ਅਜਿਹੇ ਹਸਪਤਾਲਾਂ ਨੂੰ ਚਲਾਉਣ ਲਈ ਵੀ ਕੰਮ ਕਰ ਸਕਦਾ ਹੈ।