ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਮਾਰਚ
ਵਿਦਿਆਰਥੀ ਜਥੇਬੰਦੀ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐੱਨਐੱਸਯੂਆਈ) ਨੇ ਅੱਜ ਫੂਡ ਡੈਫੀਸਿਟ ਅਕਾਊਂਟ ਮਾਮਲੇ ਨੂੰ ਲੈ ਕੇ ਅੱਜ ਮਹਿਲਾ ਦਿਵਸ ਮੌਕੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀ ਰਿਹਾਇਸ਼ ਬਾਹਰ ਰੋਸ ਵਿਖਾਵਾ ਕੀਤਾ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਇਥੇ ਲਗਪਗ ਇਕ ਘੰਟਾ ਰੋਸ ਵਿਖਾਵਾ ਕੀਤਾ, ਪਰ ਇਸ ਦੌਰਾਨ ਕੋਈ ਵੀ ਉਨ੍ਹਾਂ ਕੋਲੋਂ ਮੰਗ ਪੱਤਰ ਲੈਣ ਲਈ ਨਹੀਂ ਆਇਆ। ਐੱਨਐੱਸਯੂਆਈ ਦੇ ਪ੍ਰਧਾਨ ਅਕਸ਼ੈ ਕੁਮਾਰ ਨੇ ਆਖਿਆ ਕਿ ਉਹ ਭਾਜਪਾ ਆਗੂਆਂ ਕੋਲੋਂ ਇਸ ਮਾਮਲੇ ਵਿਚ ਜਵਾਬ ਲੈਣਾ ਚਾਹੁੰਦੇ ਹਨ, ਪਰ ਭਾਜਪਾ ਆਗੂ ਸ਼ਵੇਤ ਮਲਿਕ ਗੱਲਬਾਤ ਕਰਨ ਲਈ ਬਾਹਰ ਨਹੀਂ ਆਏ।
ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਇਸ ਮਾਮਲੇ ਵਿੱਚ ਸੂਬੇ ’ਤੇ 31 ਹਜ਼ਾਰ ਕਰੋੜ ਰੁਪਏ ਦਾ ਬੋਝ ਪਿਆ ਹੈ, ਜਿਸ ਦਾ ਖੁਲਾਸਾ ਹਾਲ ਹੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ ਹੈ। ਇਸ ਮੌਕੇ ਮਹਿਲਾਵਾਂ ਦੀ ਸੁਰੱਖਿਆ ਦੇ ਮਾਮਲੇ ਨੂੰ ਵੀ ਉਭਾਰਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਸ਼ਾਸਨ ਹੇਠ ਦੇਸ਼ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ। ਔਰਤਾਂ ਖ਼ਿਲਾਫ਼ ਅਪਰਾਧ ਨਿਰੰਤਰ ਵਧ ਰਹੇ ਹਨ। ਇਸ ਮੌਕੇ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।