ਪੱਤਰ ਪ੍ਰੇਰਕ
ਅੰਮ੍ਰਿਤਸਰ, 4 ਜੁਲਾਈ
ਪੰਜਾਬ ਥੀਏਟਰ ਫ਼ੈਸਟੀਵਲ ਦੇ ਤੀਜੇ ਦਿਨ ਅੱਜ ਅਮਰਜੀਤ ਗਰੇਵਾਲ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਿਤ ਕੀਤਾ ਪੰਜਾਬੀ ਨਾਟਕ ‘ਵਾਪਸੀ’ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਪੇਸ਼ ਕੀਤਾ ਗਿਆ। ਇਸ ਨਾਟਕ ਲਈ ਗੀਤ ਪਦਮ ਸ੍ਰੀ ਸੁਰਜੀਤ ਪਾਤਰ ਨੇ ਲਿਖੇ ਹਨ। ਵਾਪਸੀ ਨਾਟਕ ਜੰਗ ਦੇ ਖ਼ਿਲਾਫ਼ ਮਨੁੱਖੀ ਸੰਵੇਦਨਾ ਦੀ ਕਹਾਣੀ ਹੈ। ਨਾਟਕ ਵਿਚ ਇਕ ਫ਼ੌਜੀ ਸਿਪਾਹੀ ਆਪਣੇ ਜ਼ਖ਼ਮੀ ਅਫ਼ਸਰ ਨੂੰ ਦੁਸ਼ਮਣਾਂ ਦੇ ਘੇਰੇ ’ਚੋਂ ਬਚਾਅ ਕੇ ਜੰਗਲ ਰਾਹੀਂ ਵਾਪਸ ਘਰ ਵੱਲ ਆ ਰਿਹਾ ਹੈ। ਜੰਗ ਦੋ ਮੁਲਕਾਂ ਵਿਚ ਮਨੁੱਖਤਾ ਦਾ ਕਿਵੇਂ ਘਾਣ ਕਰਦੀ ਹੈ, ਉਸ ਤ੍ਰਾਸਦੀ ਨੂੰ ਸਿਪਾਹੀ ਬਹੁਤ ਹੀ ਮਾਰਮਿਕ ਤਰੀਕੇ ਨਾਲ ਬਿਆਨ ਕਰਦਾ ਹੈ, ਉਹ ਲੋਕ ਗੀਤ ਗਾਉਣਾ ਚਾਹੁੰਦਾ ਹੈ ਤਾਂ ਜੋ ਦੁਸ਼ਮਣਾਂ ਦੇ ਫ਼ੌਜੀ ਸਿਪਾਹੀ ਉਸਦੇ ਗੀਤ ਸੁਣ ਕੇ ਹਥਿਆਰ ਸੁੱਟ ਦੇਣ ਤੇ ਗਲਵੱਕੜੀਆਂ ਪਾ ਲੈਣ, ਪਰ ਦੁਸ਼ਮਣਾਂ ਦੀਆਂ ਫ਼ੌਜਾਂ ਪਿੱਛਾ ਕਰ ਰਹੀਆਂ ਹਨ, ਜੋ ਹੌਲੀ-ਹੌਲੀ ਨੇੜੇ ਪਹੁੰਚਦੀਆਂ ਨੇ ਤੇ ਸਿਪਾਹੀ ਨੂੰ ਉਸ ਵੇਲੇ ਗੋਲੀ ਲੱਗਦੀ ਹੈ, ਜਦੋਂ ਉਸਦੇ ਹੋਠ ਲੋਕ ਗੀਤ ਗਾਉੇਣ ਲਈ ਖੁੱਲ੍ਹਦੇ ਨੇ। ਸਿਪਾਹੀ ਦੀ ਭੂਮਿਕਾ ਵਿਚ ਅਦਾਕਾਰ ਅਮਨ ਸ਼ੇਰ ਸਿੰਘ ਨੇ ਬਹੁਤ ਹੀ ਸੰਜੀਦਾ ਤਰੀਕੇ ਨਾਲ ਅਦਾਕਾਰੀ ਕੀਤੀ। ਜ਼ਖ਼ਮੀ ਅਫ਼ਸਰ ਦੇ ਰੂਪ ਵਿੱਚ ਗੋਬਿੰਦ ਕੁਮਾਰ ਨੇ ਵੀ ਬਾਖ਼ੂਬੀ ਸਾਥ ਦਿੱਤਾ। ਨਾਟਕ ਵਿਚ ਕੁਸ਼ਾਗਰ ਕਾਲੀਆ ਨੇ ਸੁਰੀਲੀ ਆਵਾਜ਼ ਨਾਲ ਗੀਤਾਂ ਵਿੱਚ ਜਾਨ ਪਾ ਦਿੱਤੀ। ਬੈਕਗਰਾਊਂਡ ਸੰਗੀਤ ਹਰਿੰਦਰ ਸੋਹਲ ਨੇ ਤਿਆਰ ਕੀਤਾ ਅਤੇ ਸੰਗੀਤ ਨੂੰ ਪੇਸ਼ ਕੀਤਾ ਸਾਜਨ ਕੋਹਿਨੂਰ ਨੇ ਦਿੱਤਾ ਹੈ।