ਦਵਿੰਦਰ ਸਿੰਘ ਭੰਗੂ
ਰਈਆ, 30 ਅਕਤੂਬਰ
ਇੱਥੋਂ ਨੇੜੇ ਦਰਿਆ ਬਿਆਸ ਦੇ ਕੰਢੇ ਮੰਡ ਇਲਾਕੇ ਵਿਚ ਬੁੱਧਵਾਰ ਨੂੰ ਪੁਲੀਸ ਨਾਲ ਹੋਏ ਮੁਕਾਬਲੇ ਵਿਚ ਇਕ ਗੈਂਗਸਟਰ ਪੁਲੀਸ ਗੋਲੀ ਨਾਲ ਮਾਰਿਆ ਗਿਆ, ਜਦੋਂਕਿ ਉਸ ਦਾ ਦੂਜਾ ਸਾਥੀ ਕਾਬੂ ਕਰ ਲਿਆ ਗਿਆ ਹੈ। ਮਾਰੇ ਗਏ ਗੈਂਗਸਟਰ ਦੀ ਸ਼ਨਾਖ਼ਤ ਗੁਰਸ਼ਰਨ ਸਿੰਘ ਪੁੱਤਰ ਸਾਹਿਬ ਸਿੰਘ ਹਰੀਕੇ (ਲੰਡਾ ਗਰੁੱਪ) ਵਜੋਂ ਹੋਈ ਹੈ।
ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਘਟਨਾ ਸਥਾਨ ’ਤੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਸਠਿਆਲਾ ਦੇ ਸਾਬਕਾ ਸਰਪੰਚ ਅਤੇ ਆੜ੍ਹਤੀਏ ਗੁਰਦੀਪ ਸਿੰਘ ਉਰਫ਼ ਗੋਖਾ ਦਾ ਕਤਲ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਦੇ ਸਾਥੀ ਸਤਪ੍ਰੀਤ ਸਿੰਘ ਸੱਤਾ ਨੌਸ਼ਹਿਰਾ ਅਤੇ ਉਸ ਦੇ ਸਾਥੀਆਂ ਵਲੋਂ ਕਰ ਦਿੱਤਾ ਗਿਆ ਸੀ, ਜਿਸ ਸਬੰਧੀ ਪੁਲੀਸ ਥਾਣਾ ਬਿਆਸ ਵਿਚ ਐੱਫਆਈਆਰ ਦਰਜ ਹੈ। ਇਸ ਅਧਾਰ ’ਤੇ ਪੁਲੀਸ ਨੇ ਸਰਪੰਚ ਗੋਖਾ ਦੇ ਕਤਲ ਵਿਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਮਨਾਲੀ ਤੋ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿਚ ਗੁਰਸ਼ਰਨ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਹਰੀਕੇ, ਪ੍ਰਵੀਨ ਸਿੰਘ ਹਰੀਕੇ ਅਤੇ ਪਾਰਸ (ਸਾਰੇ ਲੰਡਾ ਗਰੁੱਪ ) ਸ਼ਾਮਲ ਸਨ।
ਅੱਜ ਸਵੇਰੇ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਥਾਣਾ ਬਿਆਸ ਲਿਆਂਦਾ ਗਿਆ ਸੀ। ਪੁਲੀਸ ਨੇ ਪੁੱਛਗਿੱਛ ਦੌਰਾਨ ਗੁਰਸ਼ਰਨ ਅਤੇ ਪਾਰਸ ਨਾਮੀ ਗੈਂਗਸਟਰਾਂ ਨੂੰ ਉਸ ਜਗ੍ਹਾ ਲਿਆਂਦਾ ਜਿੱਥੇ ਹਥਿਆਰ ਛੁਪਾਏ ਹੋਏ ਸਨ। ਦਰਿਆ ਬਿਆਸ ਮੰਡ ਖੇਤਰ ਵਿਚ ਸੰਘਣੀ ਘਾਹੀ ਵਿਚ ਦੋਵੇਂ ਗੈਂਗਸਟਰਾਂ ਨੇ ਅਚਾਨਕ ਪੁਲੀਸ ਨੂੰ ਧੱਕਾ ਮਾਰ ਕੇ ਪਿੱਛੇ ਸੁੱਟ ਦਿੱਤਾ ਅਤੇ ਹੈਰਾਨੀਜਨਕ ਹਰਕਤ ਕਰ ਕੇ ਹਥਿਆਰਾਂ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੁਲੀਸ ਪਾਰਟੀ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉੱਥੇ ਤਾਇਨਾਤ ਪੁਲੀਸ ਪਾਰਟੀ ਵਲੋਂ ਜਵਾਬੀ ਕਾਰਵਾਈ ਦੇ ਸਿੱਟੇ ਵਜੋਂ ਇਕ ਗੈਂਗਸਟਰ ਗੁਰਸ਼ਰਨ ਸਿੰਘ ਹਰੀਕੇ ਮਾਰਿਆ ਗਿਆ। ਮਾਰੇ ਗਏ ਗੈਂਗਸਟਰ ਪਾਸੋਂ ਇਕ ਗਲੌਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲੀਸ ਵੱਲੋ ਦੇਰ ਰਾਤ ਪਾਰਸ ਨਾਮੀ ਗੈਂਗਸਟਰ ਨੂੰ ਪਿੰਡ ਭੋਲਜਲਾ ਨਜ਼ਦੀਕ ਮੰਡ ਖੇਤਰ ਵਿਚੋਂ ਭਾਰੀ ਜਦੋਂ-ਜਹਿਦ ਮਗਰੋਂ ਕਾਬੂ ਕਰ ਲਿਆ ਹੈ।
ਡੀਆਈਜੀ ਨੇ ਦੱਸਿਆ ਕਿ ਉਨ੍ਹਾਂ ਦਾ ਤੀਜਾ ਸਾਥੀ ਪ੍ਰਵੀਨ ਸਿੰਘ ਪੁਲੀਸ ਹਿਰਾਸਤ ਵਿਚ ਹੈ। ਉਨ੍ਹਾਂ ਦੱਸਿਆ ਕਿ ਲਖਬੀਰ ਸਿੰਘ ਲੰਡਾ ਹਰੀਕੇ ਵੱਖ ਵੱਖ ਅਤਿਵਾਦੀ ਗਤੀਵਿਧੀਆਂ, ਕਤਲਾਂ ਅਤੇ ਜਬਰੀ ਵਸੂਲੀ ਦੇ ਮਾਮਲਿਆਂ ਵਿਚ ਅਤਿਵਾਦੀ ਐਨਾਨਿਆ ਗਿਆ ਹੈ। ਸੱਤਾ ਨੌਸ਼ਹਿਰਾ ਲੰਡਾ ਨਾਲ ਕਈ ਜਬਰੀ ਵਸੂਲੀ ਅਤੇ ਕਤਲ ਕੇਸਾਂ ਵਿਚ ਜੁੜਿਆ ਰਿਹਾ ਹੈ। ਗੁਰਦੇਵ ਜੱਸਲ ਸਰਕਾਰੀ ਥਾਣਾ ਗਰਨੇਡ ਹਮਲੇ ਦਾ ਮੁੱਖ ਦੋਸ਼ੀ ਰਿਹਾ ਹੈ।