ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਦਸੰਬਰ
ਉਪ ਮੁੱਖ ਮੰਤਰੀ ਓ ਪੀ ਸੋਨੀ ਨੇ ਵਾਰਡ ਨੰਬਰ 59 ਅਧੀਨ ਪੈਂਦੇ ਇਲਾਕੇ ਕਟੜਾ ਭਾਈ ਸੰਤ ਸਿੰਘ ਤੋਂ ਲੋਹਗੜ੍ਹ ਗੇਟ ਤਕ 1 ਕਰੋੜ ਰੁਪਏ ਨਾਲ ਬਣਨ ਵਾਲੀ ਸੜਕ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਕਿਹਾ ਕਿ ਚੋਣਾਂ ਦੌਰਾਨ ਜੋ ਵੀ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਲਗਪਗ 100 ਫ਼ੀਸਦੀ ਮੁਕੰਮਲ ਕਰ ਦਿੱਤਾ ਗਿਆ ਹੈ ਅਤੇ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਵਾਰਡਾਂ ਵਿੱਚ ਕੋਈ ਵੀ ਵਾਰਡ ਵਿਕਾਸ ਪੱਖੋਂ ਸੱਖਣਾ ਨਹੀਂ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਅੰਦਰਲੇ ਵਾਰਡਾਂ ਵਿੱਚ ਵਿਕਾਸ ਕਾਰਜ ਅੰਤਮ ਪੜਾਅ ’ਤੇ ਹਨ। ਸਾਰੀਆਂ ਗਲੀਆਂ ਸੀ ਸੀ ਫਲੋਰਿੰਗ ਅਤੇ ਮੇਨ ਸੜਕ ਲੁੱਕ ਨਾਲ ਬਣਾਈ ਜਾ ਰਹੀ ਹੈ ਜਦਕਿ ਸੀਵਰੇਜ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰ ਅੰਦਰਲੇ ਕੂੜੇ ਦੇ ਡੰਪ ਨੂੰ ਚੁਕਵਾ ਦਿੱਤਾ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਸਾਰੇ ਕੰਮ ਮਿੱਥੇ ਸਮੇਂ ਦੇ ਅੰਦਰ ਪੂਰੇ ਹੋ ਜਾਣੇ ਚਾਹੀਦੇ ਹਨ।
ਇਸ ਮੌਕੇ ਸ੍ਰੀ ਸੋਨੀ ਨੇ ਇਲਾਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ। ਉਨ੍ਹਾਂ ਕਿਹਾ ਕਿ 2022 ਵਿੱਚ ਵੀ ਆਪਣੇ ਵਿਕਾਸ ਕਾਰਜਾਂ ਦੀ ਬਦੌਲਤ ਕਾਂਗਰਸ ਮੁੜ ਸੱਤਾ ਵਿਚ ਆਵੇਗੀ। ਇਸ ਦੌਰਾਨ ਵਾਰਡ ਨੰਬਰ 54 ਅਧੀਨ ਪੈਂਦੇ ਇਲਾਕੇ ਇਸਲਾਮਾਬਾਦ ਵਿੱਚ ਸਥਿਤ ਰਾਣੀ ਝਾਂਸੀ ਭਵਨ ਲਈ ਵੀ ਉਨ੍ਹਾਂ 2 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਸ ਮੌਕੇ ਸਾਬਕਾ ਮੰਤਰੀ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ, ਚੇਅਰਮੈਨ ਅਰੁਣ ਪੱਪਲ, ਚੇਅਰਮੈਨ ਮਹੇਸ਼ ਖੰਨਾ, ਵਿਕਾਸ ਮਿਸ਼ਰਾ, ਕਪਿਲ ਮਹਾਜਨ, ਬਬਲੂ ਸਿੰਘ ਤੋਂ ਇਲਾਵਾ ਇਲਾਕਾ ਵਾਸੀ ਹਾਜ਼ਰ ਸਨ।
‘ਫਿਜੀਓਥੈਰੇਪੀ ਬਿੱਲ ਪਾਸ ਹੋਣ ’ਤੇ ਪੰਜਾਬ ਵਿੱਚ ਸਭ ਤੋਂ ਪਹਿਲਾਂ ਕੌਂਸਲ ਬਣੇਗੀ’
ਅੰਮ੍ਰਿਤਸਰ: ਉਪ ਮੁੱਖ ਮੰਤਰੀ ਓ ਪੀ ਸੋਨੀ ਨੇ ਫਿਜੀਓਥੈਰੇਪੀ ਡਾਕਟਰਾਂ ਦੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਆਖਿਆ ਕਿ ਜੇਕਰ ਕੇਂਦਰ ਸਰਕਾਰ ਨੇ ਫਿਜੀਓਥੈਰੇਪੀ ਕੌਂਸਲ ਦੇ ਬਿੱਲ ਨੂੰ ਮਾਨਤਾ ਦੇ ਦਿੱਤੀ ਤਾਂ ਪੰਜਾਬ ਵਿੱਚ ਸਭ ਤੋਂ ਪਹਿਲਾਂ ਫਿਜੀਓਥੈਰੇਪੀ ਕੌਂਸਲ ਬਣਾਈ ਜਾਵੇਗੀ। ਇਸ ਮੌਕੇ ਉਨ੍ਹਾਂ ਚੰਨੀ ਸਰਕਾਰ ਦੀਆਂ ਥੋੜ੍ਹੇ ਸਮੇਂ ਵਿੱਚ ਕੀਤੀਆਂ ਵੱਡੀਆਂ ਉਪਲਬੱਧੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਬਿਜਲੀ ਖੇਤਰ ਵਿੱਚ ਕਈ ਲੀਹੋਂ-ਹਟਵੇਂ ਫੈਸਲੇ ਲਏ ਹਨ ਜਦਕਿ ਬਿਜਲੀ ਖਰੀਦ ਸਮਝੌਤੇ ਵੀ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਚਾਇਤਾਂ ਦੀਆਂ ਜਲ ਸਪਲਾਈ ਸਕੀਮਾਂ ਦੇ ਸਬੰਧ ਵਿੱਚ 1168 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੇ ਬਕਾਏ ਵੀ ਮੁਆਫ਼ ਕਰ ਦਿੱਤੇ ਹਨ। ਇਸੇ ਤਰ੍ਹਾਂ ਪੇਂਡੂ ਜਲ ਸਪਲਾਈ (ਆਰਡਬਲਿਊਐੱਸ) ਕੁਨੈਕਸ਼ਨਾਂ ਲਈ ਮਹੀਨਾਵਾਰ ਵਾਟਰ ਸਰਵਿਸ ਚਾਰਜਿਜ਼ ਵੀ 166 ਰੁਪਏ ਤੋਂ ਘਟਾ ਕੇ 50 ਰੁਪਏ ਕਰ ਦਿੱਤੇ ਗਏ ਹਨ। ਇਸ ਕਾਨਫਰੰਸ ਵਿਚ ਦੇਸ਼ ਭਰ ਤੋਂ ਲਗਪਗ 1500 ਫਿਜੀਓਥਰੈਪੀ ਡਾਕਟਰਾਂ ਨੇ ਹਿੱਸਾ ਲਿਆ। -ਟਨਸ