ਅੰਮ੍ਰਿਤਸਰ (ਟਨਸ): ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਅੱਜ ਅਦਾਲਤ ਨੇ 20 ਜੁਲਾਈ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅੱਜ ਉਹ ਮੁੜ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਏ। ਸੋਨੀ ਪਿਛਲੇ ਤਿੰਨ ਦਿਨਾਂ ਤੋਂ ਇੱਕ ਨਿੱਜੀ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਦਾਖ਼ਲ ਹਨ। ਅਦਾਲਤ ਦੇ ਆਦੇਸ਼ ’ਤੇ ਉਸਦੀ ਮੈਡੀਕਲ ਜਾਂਚ ਵਾਸਤੇ ਬਣਾਏ ਤਿੰਨ ਮੈਂਬਰੀ ਮੈਡੀਕਲ ਬੋਰਡ ਨੇ ਆਪਣੀ ਸੀਲ ਬੰਦ ਰਿਪੋਰਟ ਅਦਾਲਤ ਨੂੰ ਸੌਂਪੀ ਦਿੱਤੀ ਹੈ। ਸੋਨੀ ਦੇ ਵਕੀਲ ਪਰਦੀਪ ਸੈਨੀ ਨੇ ਦੱਸਿਆ ਕਿ ਅਦਾਲਤ ਨੇ ਰਿਪੋਰਟ ਤੇ ਵਿਚਾਰ ਕਰਨ ਮਗਰੋਂ ਉਸ ਨੂੰ 20 ਜੁਲਾਈ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਉਸ ਨੇ ਦੱਸਿਆ ਕਿ ਅਦਾਲਤ ਨੇ ਆਖਿਆ ਕਿ ਜਦੋਂ ਤੱਕ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਉਸ ਕੋਲੋਂ ਪੁੱਛ-ਪੜਤਾਲ ਨਹੀਂ ਕੀਤੀ ਜਾ ਸਕਦੀ।