ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਜੂਨ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਥੇ ਇਕ ਰਿਹਾਇਸ਼ੀ ਕਲੋਨੀ ਵਿਚ ਬੂਟੇ ਲਾਉਂਦਿਆਂ ਆਖਿਆ ਕਿ ਧਰਤੀ ’ਤੇ ਦਿਨ-ਬ-ਦਿਨ ਵਧ ਰਹੀ ਤਪਸ਼ ਦੇ ਅਸੀਂ ਲੋਕ ਖੁਦ ਜ਼ਿੰਮੇਵਾਰ ਹਾਂ। ਉਨ੍ਹਾਂ ਕਿਹਾ ਕਿ ਮਨੁੱਖਤਾ ਨੇ ਵਾਤਾਵਰਨ ਦੀ ਸਾਂਭ ਸੰਭਾਲ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਅੱਜ ਇਹ ਸੰਕਟ ਪੈਦਾ ਹੋਇਆ ਹੈ। ਉਨ੍ਹਾਂ ਅੱਜ ਇਥੇ ਡਰੀਮ ਸਿਟੀ ਕਲੋਨੀ ਦੇ ਵਾਸੀਆਂ ਦੇ ਸਹਿਯੋਗ ਨਾਲ ਕਲੋਨੀ ਵਿੱਚ 1100 ਪੌਦੇ ਲਾਏ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਪੌਦੇ ਲਾਉਣ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਸਗੋਂ ਇਨ੍ਹਾਂ ਦੀ ਸਾਂਭ ਸੰਭਾਲ ਕਰਨੀ ਵੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਹਰ ਮਨੁੱਖ ਆਪਣੇ ਜੀਵਨ ਵਿੱਚ ਘੱਟੋ ਘੱਟ ਇਕ ਰੁਖ ਜ਼ਰੂਰ ਲਾਏ ਅਤੇ ਇਸ ਦੀ ਸਾਂਭ ਸੰਭਾਲ ਵੀ ਕਰੇ। ਉਨ੍ਹਾਂ ਕਿਹਾ ਕਿ ਪੌਦੇ ਲੱਗਣ ਨਾਲ ਜਿੱਥੇ ਵਾਤਾਵਰਨ ਹਰਿਆਵਲ ਭਰਪੂਰ ਹੋਵੇਗਾ, ਉਥੇ ਮਨੁੱਖਤਾ ਨੂੰ ਸ਼ੱੁਧ ਆਕਸੀਜਨ ਮਿਲਣ ਨਾਲ ਬਿਮਾਰੀਆਂ ਤੋਂ ਵੀ ਛੁੱਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਗਰਮੀ ਦੇ ਦਿਨਾਂ ਦੌਰਾਨ ਹਰ ਵਿਅਕਤੀ ਘਰ ਤੋਂ ਨਿਕਲਣ ਸਮੇਂ ਛਾਂ ਭਾਲਦਾ ਹੈ ਪਰ ਬੂਟੇ ਲਗਾਉਣ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਆਲਮੀ ਤਪਸ਼ ਤੇ ਪਾਣੀ ਦੇ ਹੇਠਾਂ ਜਾ ਰਹੇ ਜਲ ਸਤਰ ਨੂੰ ਤਾਂ ਹੀ ਰੋਕਿਆ ਜਾ ਸਕਦਾ ਹੈ ਜੇ ਆਪਣੇ ਵਾਤਾਵਰਨ ਦੀ ਸੰਭਾਲ ਕੀਤੀ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣਾ ਆਲਾ ਦੁਆਲਾ ਤੇ ਵਾਤਾਵਰਨ ਹਰਿਆ ਭਰਿਆ ਬਣਾਉਣ ਲਈ ਬੂਟੇ ਲਾਉਣ ਤੇ ਸਾਂਭ ਸੰਭਾਲ ਕਰਨ।