ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਨਵੰਬਰ
ਸ਼ਹਿਰ ਦੇ ਨਾਲ ਲਗਦੇ ਪਿੰਡ ਸੁਲਤਾਨਵਿੰਡ ਦੇ ਲੋਕਾਂ ਨੇ ਇਥੋਂ ਲੰਘਦੀ ਸੜਕ ਦੀ ਮਾੜੀ ਹਾਲਤ ਅਤੇ ਪਿਛਲੇ ਇਕ ਦਹਾਕੇ ਤੋਂ ਇਸ ਦੀ ਮੁਰੰਮਤ ਨਾ ਕੀਤੇ ਜਾਣ ਦਾ ਸਖ਼ਤ ਵਿਰੋਧ ਕੀਤਾ ਹੈ। ਪਿੰਡ ਦੀ ਪੱਤੀ ਦਾਦੂ ਜੱਲ੍ਹਾ, ਪੱਤੀ ਮਲਕੋ ਅਤੇ ਭਾਈ ਜੀਵਨ ਸਿੰਘ ਪੱਤੀ ਦੇ ਨਿਵਾਸੀਆਂ ਨੇ ਆਖਿਆ ਕਿ ਉਨ੍ਹਾਂ ਦੇ ਘਰਾਂ ਤੋਂ ਲੈ ਕੇ ਬਾਬਾ ਸੁੱਲ੍ਹਾ ਤਕ ਜਾਂਦੀ ਸੜਕ ਦੀ ਮਾੜੀ ਹਾਲਤ ਬਣੀ ਹੋਈ ਹੈ। ਨਿਊ ਅੰਮ੍ਰਿਤਸਰ ਦੇ ਸੀਵਰੇਜ ਦੀ ਨਿਕਾਸੀ ਲਈ ਇਸ ਸੜਕ ਨੂੰ ਦੋ ਵਾਰ ਪੁੱਟਿਆ ਗਿਆ ਹੈ। ਪਰ ਉਸਦੀ ਮੁਰੰਮਤ ਕੀਤੇ ਬਿਨਾਂ ਹੀ ਮਲਬੇ ਨਾਲ ਉਸਨੂੰ ਪੂਰ ਦਿੱਤਾ ਗਿਆ, ਜਿਸ ਕਾਰਨ ਇਸ ਰਸਤੇ ਦੀ ਹਾਲਤ ਬਦੱਤਰ ਹੋ ਚੁੱਕੀ ਹੈ। ਸੜਕ ਵਿਚ ਟੋਏ, ਇੱਟਾਂ ਰੋੜੇ ਅਤੇ ਮੀਂਹ ਦੇ ਦਿਨਾਂ ਵਿੱਚ ਥਾਂ ਥਾਂ ਛੱਪੜ ਬਣ ਜਾਂਦੇ ਹਨ। ਪਿੰਡ ਵਾਸੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਅਧਿਆਪਕ ਕਸ਼ਮੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਤੋਂ ਇਸ ਸੜਕ ਦਾ ਮਾੜਾ ਹਾਲ ਹੈ। ਆਵਾਜਾਈ ਮੁਹਾਲ ਹੋ ਚੁੱਕੀ ਹੈ ਅਤੇ ਇਹ ਸੜਕ ਸ਼ਹਿਰ ਦੀ ਸਭ ਤੋਂ ਅਣਗੌਲੀ ਹੋਈ ਸੜਕ ਹੈ। ਉਨ੍ਹਾਂ ਕਿਹਾ ਕਿ ਇਹ ਪਿੰਡ ਨਗਰ ਨਿਗਮ ਦਾ ਹਿੱਸਾ ਬਣਨ ਤੋਂ ਬਾਅਦ ਅਤੇ ਸ਼ਹਿਰ ਸਮਾਰਟ ਸਿਟੀ ਬਣਨ ਦੇ ਐਲਾਨ ਨਾਲ ਉਨਾਂ ਨੂੰ ਇਸ ਸੜਕ ਦੇ ਸੁਧਾਰ ਦੀ ਆਸ ਬੱਝੀ ਸੀ ਪਰ ਹੁਣ ਤਕ ਕੁਝ ਨਹੀਂ ਹੋਇਆ। ਉਨ੍ਹਾਂ ਦੁਖ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲੋਂ ਤਾਂ ਪਿੰਡ ਵਿਚ ਪੰਚਾਇਤ ਪ੍ਰਣਾਲੀ ਹੀ ਬੇਹਤਰ ਸੀ। ਇਸ ਸਬੰਧ ਵਿਚ ਉਹ ਕਈ ਵਾਰ ਵਿਧਾਇਕ ਅਤੇ ਕੌਂਸਲਰਾਂ ਦੇ ਧਿਆਨ ਵਿਚ ਮਾਮਲਾ ਲਿਆ ਚੁੱਕੇ ਹਨ। ਸਬੰਧਤ ਅਧਿਕਾਰੀਆਂ ਕੋਲ ਵੀ ਪਹੁੰਚ ਕੀਤੀ ਹੈ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਇਸ ਸੜਕ ਦੀ ਮੁਰੰਮਤ ਕਰਨ ਦੀ ਅਪੀਲ ਕੀਤੀ ਹੈ।