ਜਗਤਾਰ ਸਿੰਘ ਲਾਂਰਾ
ਅੰਮ੍ਰਿਤਸਰ, 4 ਸਤੰਬਰ
ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨਾਂ ਨੂੰ ਆਖਿਆ ਕਿ ਫਗਵਾੜਾ ਦੀ ਸ਼ੂਗਰ ਮਿੱਲ ਵੱਲੋਂ ਕਿਸਾਨਾਂ ਦੇ ਗੰਨੇ ਦੇ ਰੋਕੇ ਹੋਏ ਬਕਾਏ ਦੀ ਅਦਾਇਗੀ ਕੱਲ੍ਹ ਤੋਂ ਉਨ੍ਹਾਂ ਨੂੰ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਅੱਜ ਇੱਥੇ ਕਿਸਾਨ ਯੂਨੀਅਨ ਦੋਆਬਾ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਫਗਵਾੜਾ ਦੀ ਮੈਸ ਗੋਲਡਨ ਸੰਧਰ ਸ਼ੂਗਰ ਮਿੱਲ ਲਿਮਿਟਡ ਵੱਲੋਂ ਕਿਸਾਨਾਂ ਦੇ ਰੋਕੇ ਗਏ ਕਰੀਬ 72 ਕਰੋੜ ਰੁਪਏ ਦੀ ਬਕਾਇਆ ਅਦਾਇਗੀ ਕੱਲ੍ਹ ਤੋਂ ਉਨ੍ਹਾਂ ਨੂੰ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੀ ਹਰਿਆਣਾ ਸਥਿਤ ਜਾਇਦਾਦ ਵੇਚ ਕੇ ਮਿੱਲ ਦੇ ਖਾਤੇ ਵਿੱਚ ਕਰੀਬ 23.76 ਕਰੋੜ ਰੁਪਏ ਆ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਆਖਿਆ ਕਿ ਬਾਕੀ ਬਕਾਇਆ ਰਾਸ਼ੀ ਵੀ ਮਿੱਲ ਪ੍ਰਬੰਧਕਾਂ ਕੋਲੋਂ ਵਸੂਲ ਕੀਤੀ ਜਾਵੇਗੀ, ਜਿਸ ਲਈ ਸਰਕਾਰ ਵੱਲੋਂ ਮਿੱਲ ਦੇ ਮਾਲਕਾਂ ਦੀ ਨਿੱਜੀ ਜਾਇਦਾਦ ਨੂੰ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
ਖੇਤੀ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਵੱਲੋਂ ਆ ਰਹੇ ਗੰਨੇ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਮਿੱਲ ਦੇ ਮੌਜੂਦਾ ਮਾਲਕਾਂ ਤੋਂ ਇਲਾਵਾ ਕਈ ਨਿੱਜੀ ਮਿੱਲਾਂ ਨਾਲ ਗੱਲਬਾਤ ਚੱਲ ਰਹੀ ਹੈ। ਜੇਕਰ ਇਨ੍ਹਾਂ ਧਿਰਾਂ ਨਾਲ ਸਾਡਾ ਕੋਈ ਸਮਝੌਤਾ ਸਿਰੇ ਨਾ ਚੜ੍ਹਿਆ ਤਾਂ ਸਰਕਾਰ ਖ਼ੁਦ ਇਹ ਖੰਡ ਮਿੱਲ ਚਲਾਏਗੀ ਪਰ ਕਿਸਾਨਾਂ ਦਾ ਗੰਨਾ ਨਹੀਂ ਰੁਲਣ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨ ਧਿਰਾਂ ਤੇ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਮਸਲੇ ਉੱਤੇ ਧਰਨਾ ਲਗਾਉਣ ਤੋਂ ਪਹਿਲਾਂ ਗੱਲਬਾਤ ਲਈ ਮੇਜ਼ ’ਤੇ ਆ ਕੇ ਬੈਠਣ। ਸਰਕਾਰ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾਂ ਖੁੱਲ੍ਹੇ ਹਨ ਅਤੇ ਹਰੇਕ ਮਸਲੇ ਦਾ ਹੱਲ ਵੀ ਗੱਲਬਾਤ ਨਾਲ ਹੀ ਹੋਣਾ ਹੁੰਦਾ ਹੈ। ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ, ਡਾਇਰੈਕਟਰ (ਖੇਤੀਬਾੜੀ) ਗੁਰਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ, ਕੇਨ ਕਮਿਸ਼ਨਰ ਰਜੇਸ਼ ਕੁਮਾਰ ਰਹੇਜਾ, ਸੁਖਜਿੰਦਰ ਸਿੰਘ ਬਾਜਵਾ ਸਹਾਇਕ ਕੇਨ ਕਮਿਸ਼ਨਰ, ਮੁੱਖ ਖੇਤੀਬਾੜੀ ਅਫਸਰ ਜਤਿੰਦਰ ਸਿੰਘ ਗਿੱਲ ਤੇ ਕਿਸਾਨ ਯੂਨੀਅਨ ਵੱਲੋਂ ਸਤਨਾਮ ਸਿੰਘ ਸਾਹਨੀ, ਕਿਰਪਾਲ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।
ਵਿਛੋਆ ਵਿੱਚ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ
ਚੇਤਨਪੁਰਾ (ਪੱਤਰ ਪ੍ਰੇਰਕ): ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡ ਵਿਛੋਆ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਵਿੱਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ। ਇਸ ਮਗਰੋਂ ‘ਆਪ’ ਯੂਥ ਵਿੰਗ ਦੇ ਆਗੂ ਅਨੰਦਦੀਪ ਸਿੰਘ ਵਿਛੋਆ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹਲਕੇ ਅੰਦਰ ਸਾਰੇ ਹੀ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸਾਰੇ ਹੀ ਪਿੰਡਾਂ ਦਾ ਸਰਬਪੱਖੀ ਵਿਕਾਸ ਬਿਨਾਂ ਕਿਸੇ ਭੇਦਭਾਵ ਦੇ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਵਿਛੋਆ ਨੂੰ ਨਵੀਂ ਦਿੱਖ ਦੇਣ ਅਤੇ ਇਸ ਦਾ ਸੁੰਦਰੀਕਰਨ ਕਰਨ ਲਈ ਕਈ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ ਜਿਸ ਤਹਿਤ ਇਸ ਪਿੰਡ ਦਾ ਵਿਕਾਸ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵਾਤਾਵਰਨ ਨੂੰ ਸ਼ੁੱਧ ਤੇ ਹਰਿਆ-ਭਰਿਆ ਰੱਖਣ ਲਈ ਪੰਜਾਬ ਸਰਕਾਰ ਦੀ ਹਰਿਆਵਲ ਪੰਜਾਬ ਯੋਜਨਾ ਤਹਿਤ ਬੂਟੇ ਲਾ ਕੇ ਮੁਹਿੰਮ ਨੂੰ ਅੱਗੇ ਤੋਰਿਆ ਗਿਆ। ਇਸ ਮੌਕੇ ਗੁਰਮੁੱਖ ਸਿੰਘ ਮੋਹਣ ਭੰਡਾਰੀਆ, ਵਜੀਰ ਸਿੰਘ ਮੈਬਰ,ਗੁਰਦੀਪ ਸਿੰਘ, ਦਲਬੀਰ ਸਿੰਘ, ਰਜਿੰਦਰ ਸਿੰਘ ਜੋਲੀ, ਬਲਵਿੰਦਰ ਸਿੰਘ, ਸਤਨਾਮ ਸਿੰਘ, ਮੱਸੂ ਸਿੰਘ, ਭਗਵੰਤ ਸਿੰਘ, ਗੁਰਪਾਲ ਸਿੰਘ, ਸਰਦੂਲ ਸਿੰਘ, ਸੁਖਵਿੰਦਰ ਢਿਲੋ ਸਟੇਜ ਸੈਕਟਰੀ, ਰਾਕੇਸ਼ ਕੁਮਾਰ ਐੱਸਐੱਚਓ ਥਾਣਾ ਝੰਡੇਰ, ਦਫਤਰ ਇੰਚਾਰਜ ਗੁਰਜੰਟ ਸਿੰਘ ਸੋਹੀ, ਐੱਸਡੀਓ ਅਮਰਿਤਪਾਲ ਸਿੰਘ, ਜੇਈ ਦਲਬੀਰ ਸਿੰਘ ਆਦਿ ਹਾਜ਼ਰ ਸਨ।