ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 9 ਮਈ
ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਵੱਲੋਂ ਪੰਜਾਬ ਨੂੰ ਇਕ ਲੱਖ ਖੁਰਾਕਾਂ ਮਿਲ ਰਹੀਆਂ ਹਨ ਜਿਸ ਕਾਰਨ ਛੇਤੀ ਹੀ ਪੰਜਾਬ ਦੇ ਸਰਕਾਰੀ ਹਸਪਤਾਲਾਂ ’ਚ 18-45 ਸਾਲ ਵਰਗ ਦੇ ਤਰਜੀਹੀ ਗਰੁੱਪਾਂ ਦੇ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਓਪੀ ਸੋਨੀ ਨੇ ਆਪਣੇ ਹਲਕੇ ਵਿੱਚ ਟੀਕਾਕਰਨ ਕੈਂਪਾਂ ਦੀ ਸ਼ੁਰੂਆਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 18-45 ਸਾਲ ਉਮਰ ਵਰਗ ਵਿੱਚ ਉਸਾਰੀ ਵਰਕਰ, ਅਧਿਆਪਕ, ਸਰਕਾਰੀ ਕਰਮਚਾਰੀ ਅਤੇ ਵੱਧ ਜ਼ੋਖਮ ਵਾਲੇ ਵਿਅਕਤੀ ਜਿਨ੍ਹਾਂ ਨੂੰ ਸਹਿ-ਬਿਮਾਰੀਆਂ ਹਨ, ਨੂੰ ਟੀਕਾਕਰਨ ਲਈ ਤਰਜੀਹੀ ਗਰੁੱਪ ਵਿੱਚ ਸ਼ਾਮਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਸਰਕਾਰੀ ਕਰਮਚਾਰੀਆਂ ਦੇ ਟੀਕਾਕਰਨ ਲਈ ਤਾਲਮੇਲ ਕਰਨ ਲਈ ਆਖਿਆ ਹੈ। ਸਹਿ-ਬਿਮਾਰੀਆਂ ਵਾਲਿਆਂ ਲਈ ਵੀ ਟੀਕਾਕਰਨ ਦੀ ਯੋਜਨਾ ਡਿਪਟੀ ਕਮਿਸ਼ਨਰਾਂ ਵੱਲੋਂ ਕੀਤੀ ਜਾਵੇਗੀ ਅਤੇ ਸਿਰਫ ਅਗਾਊਂ ਰਜਿਸਟ੍ਰੇਸ਼ਨ ਅਤੇ ਟੀਕਾਕਰਨ ਦੀ ਨਿਰਧਾਰਤ ਜਗ੍ਹਾ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਤੀਜੇ ਪੜਾਅ ਦੇ ਟੀਕਾਕਰਨ ਲਈ ਐੱਸਆਈਆਈ ਕੋਲੋਂ 30 ਲੱਖ ਖੁਰਾਕਾਂ ਲੈਣ ਦਾ ਆਰਡਰ ਕੀਤਾ ਹੈ ਅਤੇ ਭਾਰਤ ਸਰਕਾਰ ਨੇ ਹੁਣ ਇਸ ਮਹੀਨੇ ਲਈ ਆਰਡਰ ਤਹਿਤ ਪੰਜਾਬ ਲਈ ਕੁੱਲ 3.30 ਲੱਖ ਖੁਰਾਕਾਂ ਅਲਾਟ ਕੀਤੀਆਂ ਹਨ। ਉਨ੍ਹਾਂ ਨੇ ਵੱਖ-ਵੱਖ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਜਿਹੜੇ ਕੋਵਿਡ ਮਹਾਮਾਰੀ ਦੀ ਲਹਿਰ ਦਾ ਮੁਕਾਬਲਾ ਕਰਨ ਲਈ ਮਦਦ ਕਰ ਰਹੀਆਂ ਹਨ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਕੌਂਸਲਰ ਸੁਰਿੰਦਰ ਕੁਮਾਰ ਸ਼ਿੰਦਾ, ਚੇਅਰਮੈਨ ਮਹੇਸ਼ ਖੰਨਾ, ਸਤੀਸ਼ ਅਡਵਾਨੀ, ਸੀਕੇ ਸੇਠ, ਸੁਰਿੰਦਰ ਚੋਪੜਾ, ਰਮੇਸ਼ ਚੋਪੜਾ, ਰੰਜਨ ਖੰਨਾ, ਵਿਸ਼ੂ ਅਰੋੜਾ, ਸੁਨੀਲ ਵਿੱਜ, ਰਾਕੇਸ਼ ਭਗਤ, ਸੁਸ਼ਾਂਤ ਭਗਤ, ਸਚਿਨ ਭਗਤ, ਕੰਵਲਜੀਤ ਟੀਟੂ, ਐਡਵੋਕੇਟ ਦੀਪਇੰਦਰ ਜੀਤ ਹਾਜ਼ਰ ਸਨ।