ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 20 ਮਾਰਚ
ਕਾਮਰੇਡ ਸੋਹਣ ਸਿੰਘ ਜੋਸ਼ ਲਾਇਬ੍ਰੇਰੀ ਵਿਚ ਪੰਜਾਬੀ ਸਾਹਿਤ ਸੰਗਮ ਅੰਮ੍ਰਿਤਸਰ ਦੀ ਹੋਈ ਵਿਸ਼ੇਸ਼ ਇਕੱਤਰਤਾ ਵਿਚ ਸ਼ਾਇਰ ਦੇਵ ਦਰਦ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪੰਜਾਬੀ ਸਾਹਿਤ ਸੰਗਮ ਦੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਮਾਂਗਟ ਦਾ ਗ਼ਜ਼ਲ ਸੰਗ੍ਰਹਿ ‘ਪ੍ਰਭਾਤ ਵਰਗਾ ਕੁਝ ਨਾ ਕੁਝ’ ਲੋਕ ਅਰਪਣ ਕੀਤਾ ਗਿਆ। ਪੁਸਤਕ ’ਤੇ ਚਰਚਾ ਕਰਦਿਆਂ ਗ਼ਜ਼ਲਗੋ ਸਰਬਜੀਤ ਸਿੰਘ ਸੰਧੂ ਨੇ ਕਿਹਾ ਕਿ ਮਾਂਗਟ ਦੀ ਸ਼ਾਇਰੀ ਸਬਰ ਤੇ ਸ਼ਰਧਾ ਦੀ ਸ਼ਾਇਰੀ ਹੈ। ਉਨ੍ਹਾਂ ਕਿਹਾ ਕਿ ਮਾਂਗਟ ਦੇ ਕਈ ਸ਼ੇਅਰ ਮਨੋਵਿਗਿਆਨਕ ਗੁੰਝਲਾਂ ਦੀ ਵਿਆਖਿਆ ਕਰਦੇ ਹਨ। ਉਨ੍ਹਾਂ ਕਿਹਾ ਕਿ ਨਿਆਂਪ੍ਰਣਾਲੀ ਵਿਚਲਾ ਭ੍ਰਿਸ਼ਟਾਚਾਰ ਉਸਦੀ ਪੈਨੀ ਨਜ਼ਰ ਹੇਠ ਹੈ। ਉਨ੍ਹਾਂ ਕਿਹਾ ਕਿ ਮਾਂਗਟ ਨੇ ਬਹੁਤੀਆਂ ਬਹਿਰਾਂ ਵਿਚ ਉਲਝਣ ਦੀ ਥਾਂ ਕੇਵਲ ਛੇ ਬਹਿਰਾਂ ਦੀ ਵਰਤੋਂ ਕੀਤੀ ਹੈ। ਇਸ ਪੁਸਤਕ ’ਤੇ ਹੋਈ ਚਰਚਾ ਵਿਚ ਡਾ. ਮੋਹਨ ਬੇਗੋਵਾਲ, ਅਰਤਿੰਦਰ ਸੰਧੂ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਜਗਤਾਰ ਗਿੱਲ, ਐੱਸ ਪ੍ਰਸ਼ੋਤਮ, ਮਨਮੋਹਨ ਸਿੰਘ ਬਾਸਰਕੇ ਅਤੇ ਧਰਮਿੰਦਰ ਔਲਖ ਨੇ ਵੀ ਭਾਗ ਲਿਆ। ਸਟੇਜ ਸੰਚਾਲਨ ਜਸਵੰਤ ਸਿੰਘ ਧਾਪ ਨੇ ਕੀਤਾ ਅਤੇ ਪੁਸਤਕ ’ਤੇ ਚਰਚਾ ਕਰਨ ਲਈ ਬਲਜਿੰਦਰ ਮਾਂਗਟ ਨੇ ਧੰਨਵਾਦ ਕੀਤਾ।