ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਜੁਲਾਈ
ਅੱਜ ਪਏ ਮੋਹਲੇਧਾਰ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੌਰਾਨ ਸਾਰਾ ਦਿਨ ਬੱਦਲਵਈ ਬਣੇ ਰਹਿਣ ਕਾਰਨ ਮੌਸਮ ਖੁਸ਼ਗਵਾਰ ਰਿਹਾ। ਅੱਜ ਸਵੇਰ ਤੋਂ ਹੀ ਇੱਥੇ ਬੱਦਲਵਾਈ ਬਣੀ ਹੋਈ ਸੀ ਅਤੇ ਮੋਹਲੇਧਾਰ ਮੀਂਹ ਪੈਣ ਤੋਂ ਬਾਅਦ ਤਾਪਮਾਨ ਹੇਠਾਂ ਆ ਗਿਆ। ਤੇਜ਼ ਮੀਂਹ ਕਾਰਨ ਕਈ ਥਾਵਾਂ ਤੇ ਖਾਸ ਕਰਕੇ ਨੀਂਵੇ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਭਰ ਗਿਆ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ।
ਅੱਜ ਸਾਰਾ ਦਿਨ ਹੀ ਲਗਪਗ ਮੀਂਹ ਜਾਰੀ ਰਿਹਾ। ਮੀਂਹ ਪੈਣ ਕਾਰਨ ਅੱਜ ਘੱਟੋ-ਘੱਟ ਤਾਪਮਾਨ 26 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਭਲਕੇ ਸ਼ੁੱਕਰਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਅਗਲੇ ਹਫ਼ਤੇ ਵਿੱਚ ਵੀ ਇੱਕ-ਦੋ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ।
ਖੇਤੀਬਾੜੀ ਵਿਭਾਗ ਮੁਤਾਬਕ ਅੱਜ ਸਾਰੇ ਜ਼ਿਲ੍ਹੇ ਵਿੱਚ ਮੀਂਹ ਪੈਣ ਦੀ ਸੂਚਨਾ ਹੈ। ਇਹ ਮੀਂਹ ਸਾਰੀਆਂ ਫ਼ਸਲਾਂ ਲਈ ਲਾਹੇਵੰਦ ਹੈ। ਇਸ ਦੌਰਾਨ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਸੁਰੇਸ਼ ਮਹਾਜਨ ਨੇ ਦੋਸ਼ ਲਾਇਆ ਕਿ ਅੱਜ ਸ਼ਹਿਰ ਮੀਂਹ ਦੇ ਪਾਣੀ ਵਿੱਚ ਡੁੱਬ ਗਿਆ ਅਤੇ ਇਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਪ੍ਰਸ਼ਨਚਿੰਨ੍ਹ ਲੱਗਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਪ੍ਰਣਾਲੀ ਠੱਪ ਹੋਣ ਕਾਰਨ ਸ਼ਹਿਰ ਵਿੱਚ ਥਾਂ-ਥਾਂ ’ਤੇ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ ਅਤੇ ਇਸ ਨਾਲ ਨਗਰ ਨਿਗਮ ਦੀ ਪੋਲ ਵੀ ਖੁੱਲ੍ਹ ਗਈ ਹੈ।
ਜਲੰਧਰ: ਸੜਕਾਂ ’ਤੇ ਪਾਣੀ ਭਰਨ ਕਾਰਨ ਰਾਹਗੀਰ ਹੋਏ ਔਖੇ
ਆਦਮਪੁਰ ਦੋਆਬਾ (ਜਲੰਧਰ) ਹਤਿੰਦਰ ਮਹਿਤਾ: ਅੱਜ ਜਲੰਧਰ ਵਿੱਚ ਪਏ ਮੀਂਹ ਕਾਰਨ ਜਿੱਥੇ ਕਿਸਾਨ ਖੁਸ਼ ਨਜ਼ਰ ਆਏ, ਉੱਥੇ ਆਮ ਲੋਕਾਂ ਨੂੰ ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੀਂਹ ਪੈਣ ਤੋਂ ਬਾਅਦ ਇਲਾਕੇ ਦੇ ਕਿਸਾਨਾਂ ਦੇ ਚਿਹਰੇ ਖਿੜ੍ਹੇ ਦਿਖਾਈ ਦੇ ਰਹੇ ਸਨ। ਚਰਨਜੀਤ ਸਿੰਘ ਅਤੇ ਅਵਤਾਰ ਸਿੰਘ ਨਾਮੀਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੀਜੀ ਝੋਨੇ ਦੀ ਫ਼ਸਲ ਮੀਂਹ ਨਾ ਪੈਣ ਕਾਰਨ ਮੁਰਝਾ ਗਈ ਸੀ ਪਰ ਅੱਜ ਪਏ ਭਰਵੇਂ ਮੀਂਹ ਕਾਰਨ ਉਨ੍ਹਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਫ਼ਸਲ ਨੂੰ ਕਾਫੀ ਲਾਭ ਪਹੁੰਚੇਗਾ। ਦੂਜੇ ਪਾਸੇ ਜਲੰਧਰ ਸ਼ਹਿਰ ਅਤੇ ਪਿੰਡਾਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੋਢਲ ਰੋਡ, ਰਾਮਾ ਮੰਡੀ ਚੌਕ, ਪਰਾਗਪੁਰ ਰੋਡ, ਨਕੋਦਰ ਰੋਡ ’ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ’ਤੇ ਕਾਫ਼ੀ ਅਸਰ ਪਿਆ। ਇਸੇ ਤਰ੍ਹਾਂ ਆਦਮਪੁਰ ਵਿੱਚ ਵੀ ਸੜਕਾਂ ’ਤੇ ਪਾਣੀ ਭਰਨ ਕਾਰਨ ਮੇਨ ਰੋਡ ’ਤੇ ਕਾਰਾਂ ਅਤੇ ਦੋਪਹੀਆ ਵਾਹਨ ਚਾਲਕ ਫਸੇ ਦਿਖਾਈ ਦਿੱਤੇ। ਇੱਥੇ ਸੜਕ ਵਿਚਕਾਰ ਪਏ ਡੂੰਘੇ ਟੋਇਆਂ ਕਾਰਨ ਦੋਪਹੀਆ ਵਾਹਨ ਚਾਲਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।