ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਨਵੰਬਰ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣੇ ਚਾਰ ਦਿਨਾਂ ਦੇ ਸਰਹੱਦੀ ਦੌਰੇ ਦੌਰਾਨ ਅੱਜ ਕਿਹਾ ਕਿ ਸਰਹੱਦ ਪਾਰੋਂ ਹੁੰਦੀ ਨਸ਼ੇ ਦੀ ਤਸਕਰੀ ਰੋਕਣ ਲਈ ਲੋਕਾਂ ਦੇ ਸਾਥ ਦੀ ਲੋੜ ਹੈ। ਉਨ੍ਹਾਂ ਅੱਜ ਸ਼ਾਮ ਨੂੰ ਅਟਾਰੀ ਸਰਹੱਦ ’ਤੇ ਰੀਟਰੀਟ ਰਸਮ ਦਾ ਆਨੰਦ ਮਾਣਿਆ। ਇਸ ਮੌਕੇ ਉਨ੍ਹਾਂ ਬੀਐੱਸਐੱਫ ਦੇ ਜਵਾਨਾਂ ਦੀ ਪਰੇਡ ਦੇਖੀ ਅਤੇ ਜਵਾਨਾਂ ਦੇ ਇਸ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਇਸ ਮੌਕੇ ਬੀਐੱਸਐੱਫ ਵੱਲੋਂ ਰਾਜਪਾਲ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਇੱਕ ਸਵਾਲ ਦੇ ਜਵਾਬ ’ਚ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਸਿਰਫ ਸਖਤੀ ਕਰਨ ਦੀ ਨਹੀਂ ਬਲਕਿ ਬਦਲ ਦੇਣ ਦੀ ਲੋੜ ਹੈ।
ਤਲਵੰਡੀ ਭਾਈ (ਪ੍ਰਗਟ ਸਿੰਘ ਭੁੱਲਰ):
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਹਰੀਕੇ ਪੱਤਣ ਵਿੱਚ ਪੈਂਦੇ ਸਤਲੁਜ ਤੇ ਬਿਆਸ ਦਰਿਆ ਦੇ ਸੰਗਮ ਦੇ ਨਿਰੀਖਣ ਮਗਰੋਂ ਅਧਿਕਾਰੀਆਂ ਨੂੰ ਦਰਿਆ ਵਿੱਚ ਫੈਕਟਰੀਆਂ ’ਚੋਂ ਨਿਕਲਣ ਵਾਲੇ ਗੰਦੇ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਕਰਨ ਅਤੇ ਫੈਕਟਰੀਆਂ ਦਾ ਗੰਧਲਾ ਪਾਣੀ ਦਰਿਆ ਵਿੱਚ ਨਾ ਪੈਣ ਦੇਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਾਫ਼ ਅਤੇ ਕੁਦਰਤੀ ਪਾਣੀ ਹੀ ਦਰਿਆ ਵਿੱਚ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੰਧਲੇ ਪਾਣੀ ਨਾਲ ਪ੍ਰਦੂਸ਼ਣ ਵੱਧ ਰਿਹਾ ਹੈ ਅਤੇ ਦਰਿਆ ਦਾ ਪਾਣੀ ਵੀ ਲਗਾਤਾਰ ਗੰਧਲਾ ਹੋ ਰਿਹਾ ਹੈ। ਗੰਧਲਾ ਪਾਣੀ ਦਰਿਆ ਵਿੱਚ ਰਹਿਣ ਵਾਲੇ ਜੀਵ-ਜੰਤੂਆਂ ਅਤੇ ਦਰਿਆ ’ਤੇ ਨਿਰਭਰ ਪਸ਼ੂ-ਪੰਛੀਆਂ ਲਈ ਖਤਰਾ ਪੈਦਾ ਕਰਦਾ ਹੈ।
ਰਾਜਪਾਲ ਨੇ ਕਿਹਾ ਕਿ ਕੁਦਰਤੀ ਤੌਰ ’ਤੇ ਇਹ ਜਗ੍ਹਾ ਬਹੁਤ ਸੁੰਦਰ ਹੈ ਅਤੇ ਇਸ ਦਾ ਵਿਸ਼ਵ ਪੱਧਰ ’ਤੇ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ਸੈਲਾਨੀਆਂ ਦੇ ਰਹਿਣ ਸਹਿਣ ਅਤੇ ਸੈਰ-ਸਪਾਟੇ ਨੂੰ ਵਿਕਸਿਤ ਕਰਨ ਲਈ ਇੱਥੇ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣ। ਇਸ ਮਗਰੋਂ ਉਨ੍ਹਾਂ ਜੰਗਲਾਤ ਵਿਭਾਗ ਦੇ ਮਿਊਜ਼ੀਅਮ ਦਾ ਦੌਰਾ ਕੀਤਾ।
ਲੜਕੀਆਂ ਦੀ ਉੱਚ ਅਤੇ ਮਿਆਰੀ ਸਿੱਖਿਆ ’ਤੇ ਦਿੱਤਾ ਜ਼ੋਰ
ਤਰਨ ਤਾਰਨ (ਗੁਰਬਖਸ਼ਪੁਰੀ):
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਸਰਹੱਦੀ ਖੇਤਰ ਦੇ ਕਸਬਾ ਭਿੱਖੀਵਿੰਡ ਦੇ ਡੀਏਵੀ ਸੀਨੀਆਰ ਸੈਕੰਡਰੀ ਸਕੂਲ ਵਿੱਚ ਪਿੰਡਾਂ ਦੀਆਂ ਸੁਰੱਖਿਆ ਕਮੇਟੀਆਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਹਾ ਕਿ ਉਹ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਸੁਰੱਖਿਆ ਕਮੇਟੀਆਂ ਦੇ ਮੈਂਬਰਾਂ ਨੂੰ ਰਾਜ ਭਵਨ ਸੱਦਿਆ ਕਰਨਗੇ। ਰਾਜਪਾਲ ਨੇ ਕਿਹਾ ਕਿ ਲੜਕੀਆਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਉਣਾ ਸਮੇਂ ਦੀ ਲੋੜ ਹੈ| ਉਨ੍ਹਾਂ ਸਰਹੱਦੀ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੰਦਿਆਂ ਲੋਕਾਂ ਨੂੰ ਸੜਕਾਂ, ਆਵਾਜਾਈ ਸਹੂਲਤਾਂ, ਆਧੁਨਿਕ ਤੇ ਮਿਆਰੀ ਸਿੱਖਿਆ, ਰੁਜ਼ਗਾਰ, ਪੀਣ ਵਾਲੇ ਸਾਫ਼ ਪਾਣੀ ਅਤੇ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਕੀਤੇ ਜਾਣ ’ਤੇ ਵੀ ਜ਼ੋਰ ਦਿੱਤਾ| ਉਨ੍ਹਾਂ ਕਿਹਾ ਕਿ ਨਸ਼ਿਆਂ ਨਾਲ ਨਜਿੱਠਣ ਲਈ ਮਹਿਲਾਵਾਂ ਨੂੰ ਵਧ-ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਬੀਐੱਸਐੱਫ ਕੈਂਪ ਭਿਖੀਵਿੰਡ ਵਿੱਚ ਵਾਲੀਬਲ ਮੈਚ ਦਾ ਆਨੰਦ ਮਾਣਿਆ ਅਤੇ ਖਿਡਾਰੀਆਂ ਦਾ ਸਨਮਾਨ ਕੀਤਾ।
ਜਲਾਲਾਬਾਦ ’ਚ ਭਾਜਪਾ ਦੇ ਵਫ਼ਦ ਵੱਲੋਂ ਰਾਜਪਾਲ ਨਾਲ ਮੁਲਾਕਾਤ
ਜਲਾਲਾਬਾਦ (ਮਲਕੀਤ ਸਿੰਘ ਟੋਨੀ ਛਾਬੜਾ):
ਭਾਜਪਾ ਦੇ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਅੱਜ ਜਲਾਲਾਬਾਦ ਦੇ ਪਿੰਡ ਯੋਧਾ ਭੈਣੀ ਪੁੱਜੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਹਲਕਾ ਜਲਾਲਾਬਾਦ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਬਾਰਡਰ ਪੱਟੀ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਰਾਜਪਾਲ ਨੂੰ ਬਾਰਡਰ ਪੱਟੀ ਦੇ ਕਿਸਾਨਾਂ ਦੀਆਂ ਜ਼ਮੀਨਾਂ ਕੱਚੀਆਂ ਤੋਂ ਪੱਕੀਆਂ ਕਰਨ ਦੀ ਅਪੀਲ ਵੀ ਕੀਤੀ।