ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ,12 ਅਕਤੂਬਰ
ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਪੰਜਾਬ ਵਿੱਚ ਲੱਗੇ ਕਿਸਾਨ ਮੋਰਚਿਆਂ ’ਤੇ ਇਕੱਠੇ ਹੋ ਕੇ ਸ਼ਰਧਾਂਜਲੀ ਭੇਂਟ ਕਰਨ ਦੇ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਕਿਸਾਨ ਸੰਘਰਸ਼ ਕਮੇਟੀ ਦੇ ਕਾਰਕੁੰਨਾਂ ਵੱਲੋਂ ਅਜ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਲੱਗੇ ਪੱਕੇ ਮੋਰਚੇ ਵਿੱਚ ਇਕੱਠੇ ਹੋ ਕੇ ਸ਼ਹੀਦ ਸਾਥੀਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ । ਇਸ ਮੌਕੇ ਕਿਸਾਨਾਂ ਨੇ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਸਕਾਰ ਕਰਨ ਲਈ ਸੰਘਰਸ਼ ਨੂੰ ਜਿੱਤਣ ਤੱਕ ਲੜਨ ਦਾ ਪ੍ਰਣ ਕੀਤਾ। ਇਸ ਸਮੇਂ ਕਿਸਾਨ ਆਗੂਆਂ ਜਤਿੰਦਰ ਸਿੰਘ ਛੀਨਾ, ਸਤਨਾਮ ਸਿੰਘ ਝੰਡੇਰ, ਮੇਜਰ ਸਿੰਘ ਕੜਿਆਲ, ਬਚਿੱਤਰ ਸਿੰਘ ਕੋਟਲਾ ਤੇ ਸੁਖਦੇਵ ਸਿੰਘ ਸਹਿੰਸਰਾ ਨੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਦੀ ਕੇਂਦਰ ਸਰਕਾਰ ਅਤੇ ਯੂ ਪੀ ਦੀ ਯੋਗੀ ਸਰਕਾਰ ਨੇ ਇੱਕ ਗਿਣੀ ਮਿਥੀ ਸਾਜਸ਼ ਤਹਿਤ ਲਖੀਮਪੁਰ ਖੀਰੀ ਵਿੱਚ ਕਿਸਾਨਾਂ ’ਤੇ ਫਾਸ਼ੀ ਹਮਲਾ ਕੀਤਾ ਸੀ ਤਾਂ ਕਿ ਕਿਸਾਨ ਸੰਘਰਸ਼ ਨੂੰ ਇੱਕ ਧਰਮ ਦਾ ਮੋਰਚਾ ਦਰਸਾ ਕੇ ਦੇਸ਼ ਅੰਦਰ ਧਰੁਵੀਕਰਨ ਕੀਤਾ ਜਾ ਸਕੇ।ਇਸ ਮੌਕੇ ਕਿਸਾਨ ਆਗੂ ਬਲਜਿੰਦਰ ਸਿੰਘ ਪੰਜਗਰਾਈਂ, ਮਨਿੰਦਰ ਸਿੰਘ ਰਾਜੀਆਂ,ਮੇਜਰ ਸਿੰਘ ਜੌਹਲ, ਡਾਕਟਰ ਬਲਜਿੰਦਰ ਸਿੰਘ ਲਸ਼ਕਰੀ ਨੰਗਲ , ਗੁਰਨਾਮ ਸਿੰਘ ਤੱਲੇ, ਜਗਪ੍ਰੀਤ ਸਿੰਘ ਕੋਟਲਾ ਆਦਿ ਹਾਜ਼ਰ ਸਨ।