ਅੰਮ੍ਰਿਤਸਰ: ਚੀਫ਼ ਖ਼ਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਤੇ ਸੁਰ ਅਭਿਆਸ ਕੇਂਦਰ ਜੰਡਿਆਲਾ ਗੁਰੂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਵਿੱਚ ਸੰਗੀਤ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਪੰਡਿਤ ਯੋਗੇਸ਼ ਸ਼ਮਸੀ ਤੇ ਯਸ਼ਵੰਤ ਵੈਸ਼ਨਵ ਨੇ ਤਬਲਾ ਜੁਗਲਬੰਦੀ ਦਾ ਪ੍ਰੋਗਰਾਮ ਪੇਸ਼ ਕੀਤਾ। ਪ੍ਰੋਗਰਾਮ ਵਿੱਚ ਸੰਗੀਤ ਜਗਤ ਦੀਆਂ ਕਈ ਨਾਮਵਰ ਸ਼ਖਸੀਅਤਾਂ ਮੌਜ਼ੂਦ ਸਨ। ਉਸਤਾਦਾਂ ਵੱਲੋਂ ਤੀਨ ਤਾਲ ਵਿੱਚ ਵੱਖ-ਵੱਖ ਤਾਲਬੰਦੀ ਪੇਸ਼ ਕੀਤੀ ਗਈ। ਸਮਾਗਮ ’ਚ ਪੰਜਾਬ ਘਰਾਣੇ ਦੇ ਪ੍ਰਸਿੱਧ ਉਸਤਾਦ ਪੰਡਿਤ ਰਮਾ ਕਾਂਤ, ਪੰਡਿਤ ਕਾਲੇ ਰਾਮ, ਉਸਤਾਦ ਪੂਰਨ ਚੰਦ ਵਡਾਲੀ, ਕੁਲਵਿੰਦਰ ਸਿੰਘ, ਪ੍ਰਿੰਸੀਪਲ ਸੁਖਵੰਤ ਸਿੰਘ, ਜਸਪਾਲ ਸਿੰਘ, ਅਨਿਕ ਬਾਰ ਸਿੰਘ, ਰੋਹਿਤਾਸ਼ਵ ਬਾਲੀ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਭਾਈ ਗੁਰਦੇਵ ਸਿੰਘ ਕੁਹਾੜਕਾ, ਭਾਈ ਕਮਲਜੀਤ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਮਨਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ। ਵੱਖ-ਵੱਖ ਅਕੈਡਮੀਆਂ ਤੋਂ 1000 ਦੇ ਕਰੀਬ ਵਿਦਿਆਰਥੀਆਂ ਨੇ ਪੇਸ਼ਕਾਰੀਆਂ ਦਾ ਆਨੰਦ ਮਾਣਿਆ।ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ ਨੇ ਕਿਹਾ ਕਿ ਗੁਰਬਾਣੀ ਵਿੱਚ ਰਾਗਾਂ ਦਾ ਖਾਸ ਸਥਾਨ ਹੈ। -ਖੇਤਰੀ ਪ੍ਰਤੀਨਿਧ