ਪੱਤਰ ਪ੍ਰੇਰਕ
ਅੰਮ੍ਰਿਤਸਰ, 24 ਜੁਲਾਈ
ਪੰਜਾਬ ਨਾਟਸ਼ਾਲਾ ਵਿੱਚ ਕੇ ਪੀ ਆਰਟ ਕਲਚਰ ਤੇ ਵੈੱਲਫੇਅਰ ਸੁਸਾਇਟੀ ਵਲੋਂ ਅਮਨ ਭਰਦਵਾਜ ਦੀ ਨਿਰਦੇਸ਼ਨਾ ਹੇਠ ਅੱਜ ਪੰਜਾਬੀ ਨਾਟਕ ‘ਮੈਂ ਕੀ ਕਰਾਂ’ ਦਾ ਸਫ਼ਲ ਮੰਚਨ ਕੀਤਾ ਗਿਆ। ਨਾਟਕ ਦੀ ਕਹਾਣੀ ਇਕ ਅਜਿਹੇ ਪਰਿਵਾਰ ਦੁਆਲੇ ਘੁੰਮਦੀ ਹੈ, ਜਿਸ ਵਿਚ ਸੱਸ-ਨੂੰਹ ਦੇ ਰਿਸ਼ਤੇ ਨੂੰ ਲੈ ਕੇ ਹਮੇਸ਼ਾ ਤਣਾਅ ਬਣਿਆ ਰਹਿੰਦਾ ਹੈ, ਜਿਸ ਕਰਕੇ ਪਰਿਵਾਰ ਪ੍ਰੇਸ਼ਾਨ ਰਹਿੰਦਾ ਹੈ। ਪ੍ਰੇਸ਼ਾਨ ਜਵਾਈ ਅਤੇ ਸਹੁਰਾ ਸੋਚਦੇ ਹਨ ਕਿ ਕਿਸ ਤਰ੍ਹਾਂ ਦੋਵਾਂ ਦਾ ਝਗੜਾ ਖ਼ਤਮ ਕੀਤਾ ਜਾਵੇ। ਉਹ ਲੜਕੀ ਨੂੰ ਆਪਣੀ ਸੱਸ ਦੇ ਖਾਣੇ ਵਿਚ ਥੋੜ੍ਹਾ-ਥੋੜ੍ਹਾ ਜ਼ਹਿਰ ਦੇਣ ਲਈ ਮਨਾ ਲੈਂਦੇ ਹਨ ਤਾਂ ਜੋ ਉਸ ਦੀ ਸੱਸ ਮਰ ਜਾਵੇਗੀ ਤਾਂ ਪ੍ਰੇਸ਼ਾਨੀ ਖ਼ਤਮ ਹੋ ਜਾਵੇਗੀ। ਅਜਿਹਾ ਹੋਣ ’ਤੇ ਸੱਸ ਤੇ ਬਹੂ ਦਾ ਪਿਆਰ ਵੱਧ ਜਾਂਦਾ ਹੈ। ਅਚਾਨਕ ਸੱਸ ਦੀ ਤਬੀਅਤ ਖ਼ਰਾਬ ਹੋਣ ’ਤੇ ਉਹ ਪ੍ਰੇਸ਼ਾਨ ਹੋ ਜਾਂਦੀ ਹੈ ਅਤੇ ਜਦੋਂ ਉਸਨੂੰ ਪਛਤਾਵਾ ਹੋਣ ਲੱਗਦਾ ਹੈ ਤਦ ਉਸਦੇ ਘਰਵਾਲੇ ਉਸਨੂੰ ਦੱਸ ਦਿੰਦੇ ਹਨ ਕਿ ਉਹ ਖਾਣੇ ਵਿਚ ਉਸਨੂੰ ਜ਼ਹਿਰ ਨਹੀਂ ਪਿਆਰ ਦੇ ਰਹੀ ਸੀ। ਹੋਸ਼ ਵਿੱਚ ਆਉਣ ਤੋਂ ਬਾਅਦ ਸੱਸ ਮਹਿਸੂਸ ਕਰਦੀ ਹੈ ਕਿ ਉਨ੍ਹਾਂ ਲੜਾਈ-ਝਗੜੇ ਵਿੱਚ ਬਹੁਤ ਸਮਾਂ ਬਰਬਾਦ ਕਰ ਦਿੱਤਾ ਹੈ ਤੇ ਉਹ ਪਿਆਰ ਨਾਲ ਰਹਿਣਾ ਸ਼ੁਰੂ ਕਰ ਦਿੰਦੇ ਹਨ। ਨਾਟਕ ਵਿਚ ਅਮਨ ਭਰਦਵਾਜ, ਗੁਰਜੀਤ ਖੌਰ, ਨਵਪ੍ਰੀਤ ਹੁੰਦਲ, ਰਾਕੇਸ਼ ਸ਼ਰਮਾ, ਰਾਧਿਕਾ, ਵਿਪਨ ਧਵਨ ਆਦਿ ਕਲਾਕਾਰਾਂ ਨੇ ਆਪਣੀ ਦਮਦਾਰ ਭੂਮਿਕਾ ਨਿਭਾਈ।