ਪੱਤਰ ਪ੍ਰੇਰਕ
ਅੰਮ੍ਰਿਤਸਰ, 9 ਸਤੰਬਰ
ਸਾਰਾਗੜ੍ਹੀ ਦਾ ਯੁੱਧ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ 125 ਸਾਲਾ ਸ਼ਤਾਬਦੀ ਨੂੰ ਸਮਰਪਿਤ ਖ਼ਾਲਸਾ ਕਾਲਜ ਪਬਲਿਕ ਸਕੂਲ ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਖਾਲਸਾ ਕਾਲਜ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਤੇ ਸਾਰਾਗੜ੍ਹੀ ਫ਼ਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸਨ ਨੇ ਯੁੱਧ ਬਾਰੇ ਜਾਣਕਾਰੀ ਦਿੱਤੀ। ਸ੍ਰੀ ਜੋਸਨ ਨੇ ਯੁੱਧ ’ਤੇ ਲਿਖੀ ਪੁਸਤਕ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ’ਤੇ ਕਈ ਫਿਲਮਾਂ ਦਾ ਨਿਰਮਾਣ ਹੋਇਆ ਹੈ, ਜਿਨ੍ਹਾਂ ’ਚ ਅਕਸ਼ੈ ਕੁਮਾਰ ਦੀ ਅਦਾਕਾਰੀ ਹੇਠ ‘ਕੇਸਰੀ’ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਅਤੇ ਪ੍ਰਿੰ: ਅਮਰਜੀਤ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਜੰਗ ਦੇ ਸ਼ਹੀਦਾਂ ਬਾਰੇ ਜਾਣਕਾਰੀ ਵਿਦਿਆਰਥੀਆਂ ਤੇ ਹਾਜ਼ਰੀਨ ਨਾਲ ਸਾਂਝੀ ਕੀਤੀ। ਇਸ ਮੌਕੇ ਫ਼ਾਊਂਡੇਸ਼ਨ ਦੀ ਰਵਨੀਤ ਕੌਰ ਬਾਵਾ, ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਵਿੰਦਰ ਕੌਰ ਕੰਬੋਜ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਪ੍ਰਿੰਸੀਪਲ ਨਿਰਮਲਜੀਤ ਕੌਰ ਗਿੱਲ ਮੌਜੂਦ ਸਨ।