ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਸਤੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅਜ ਕੇਂਦਰ ਸਰਕਾਰ ਵੱਲੋ ਬਣਾਏ ਗਏ “ਬਿਜਲੀ ਵੰਡ ਲਾਇਸੈਂਸ ਨਿਯਮ 2022 “ ਦੇ ਨੋਟੀਫਿਕੇਸ਼ਨ ਜਾਰੀ ਕਰਨ ਖਿਲਾਫ਼ ਮੋਦੀ ਸਰਕਾਰ ਅਤੇ ਭਗਵੰਤ ਮਾਨ ਸਰਕਾਰ ਦੇ ਪੁਤਲੇ ਸਾੜ ਕੇ ਵੱਖ ਵੱਖ ਥਾਵਾਂ ਤੇ ਰੋਸ ਵਿਖਾਵੇ ਕੀਤੇ । ਇਹ ਰੋਸ ਵਿਖਾਵੇ ਜਿਲ੍ਹਾ ਅੰਮ੍ਰਿਤਸਰ ਵੱਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਵਿਚ ਜਿਲ੍ਹੇ ਭਰ ਵਿਚ ਗੋਲਡਨ ਗੇਟ ਅੰਮ੍ਰਿਤਸਰ ਸਮੇਤ ਸਠਿਆਲਾ,ਜੰਡਿਆਲਾ,ਤਰਸਿੱਕਾ,ਚੌਕ ਮਹਿਤਾ, ਅਜਨਾਲਾ, ਮਜੀਠਾ, ਵਿਚ ਸੜਕਾਂ ਜਾਮ ਕਰਕੇ ਕੀਤੇ ਹਨ। ਗੋਲਡਨ ਗੇਟ ਵਿਖੇ ਦੋਵਾਂ ਸਰਕਾਰਾਂ ਦੇ ਪੁਤਲੇ ਸਾੜੇ ਗਏ ਅਤੇ ਨਾਅਰੇਬਾਜ਼ੀ ਕੀਤੀ ਗਈ । ਕਿਸਾਨ ਆਗੂਆਂ ਨੇ ਆਖਿਆ ਕਿ ਬਿਜਲੀ ਸੋਧ ਬਿੱਲ 2022 ਨੂੰ ਸਿੱਧੇ ਰੂਪ ਵਿੱਚ ਲਾਗੂ ਕਰਨ ਵਿੱਚ ਨਾਕਾਮ ਰਹਿਣ ਪਿੱਛੋਂ, ਇੱਕ ਤਰੀਕੇ ਨਾਲ ਚੋਰ ਦਰਵਾਜ਼ੇ ਤੋਂ ਉਹੀ ਕਾਨੂੰਨ ਲਾਗੂ ਕਰਨ ਦੀ ਕਵਾਇਦ ਹੈ|
ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਇਸ ਫੈਸਲੇ ਤੋਂ ਪਿੱਛੇ ਨਹੀਂ ਹੱਟਦੀ ਤਾਂ 23 ਸਤੰਬਰ ਨੂੰ ਸੂਬਾ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ|
ਮਜੀਠਾ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਵੰਡ ਖੇਤਰ ਦੇ ਨਿੱਜੀਕਰਨ, ਪੰਜਾਬ ਸਰਕਾਰ ਵੱਲੋਂ ਸਮਾਰਟ ਮੀਟਰ ਲਾਉਣ ਦੇ ਵਿਰੁੱਧ, ਮੁਲਾਜ਼ਮਾਂ ਦੇ ਖੋਹੇ ਭੱਤੇ ਬਹਾਲ ਕਰਾਉਣ ਅਤੇ ਡਿਸਮਿਸਲਾਂ ਹੱਲ ਕਰਵਾਉਣ ਲਈ ਬਿਜਲੀ ਦਫਤਰ ਕੰਪਲੈਕਸ ਮਜੀਠਾ ਵਿਖੇ ਟੈਕਨੀਕਲ ਸਰਵਿਸ ਯੂਨੀਅਨ ਨੇ ਰੋਸ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਬਿਜਲੀ ਖੇਤਰ ਦਾ ਮੁਕੰਮਲ ਨਿੱਜੀਕਰਨ ਕਰਨ ਲਈ ਬਿਜਲੀ ਸੋਧ ਬਿੱਲ 2020/2022 ਲੋਕ ਸਭਾ ਵਿੱਚ ਪੇਸ਼ ਨਹੀਂ ਕੀਤਾ ਹੈ। ਹੁਣ ਕੇਂਦਰੀ ਬਿਜਲੀ ਮੰਤਰਾਲੇ ਵੱਲੋਂ ਵੰਡ ਖੇਤਰ ਦਾ ਮੁਕੰਮਲ ਨਿੱਜੀਕਰਨ ਕਰਨ ਲਈ ਕੇਂਦਰੀ ਡਿਸਟਰੀਬਿਊਸ਼ਨ ਆਫ ਇਲੈਕਟ੍ਰੀਸਿਟੀ ਲਾਈਸੈਂਸ ਰੂਲਜ਼ 2022’’ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਵੀ ਪੰਜਾਬ ਅੰਦਰ ਨਿੱਜੀ ਕੰਪਨੀਆਂ/ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਮੁਨਾਫੇ ਲੁਟਾਉਣ ਲਈ ਸਮਾਰਟ ਮੀਟਰ ਲਗਾਉਣ ਲਈ ਬਜ਼ਿੱਦ ਹੈ।
ਅਜਨਾਲਾ(ਪੱਤਰ ਪ੍ਰੇਰਕ): ਅੱਜ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ਤੇ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਿਜਲੀ ਵੰਡ ਨੂੰ ਨਿੱਜੀਕਰਨ ਨਿੱਜੀ ਹੱਥਾਂ ਵਿੱਚ ਦੇਣ ਦੇ ਰੋਸ ਅਤੇ ਕਿਸਾਨਾਂ ਨਾਲ ਕੀਤੀ ਵਾਅਦਾ ਖਿਲਾਫੀ ਦੇ ਵਿਰੋਧ ਵਿੱਚ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਪੁਤਲਾ ਫੂਕਿਆ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਬਿਜਲੀ ਵੰਡ ਨਿਜੀ ਹੱਥਾਂ ਵਿੱਚ ਦੇਣ ਦਾ ਫ਼ੈਸਲਾ ਕੇਂਦਰ ਸਰਕਾਰ ਵਾਪਸ ਲਵੇ ਅਤੇ ਪੰਜਾਬ ਸਰਕਾਰ ਮੰਡੀਆਂ ਵਿਚ ਝੋਨੇ ਦੀ ਖਰੀਦ ਦੇ ਨਿਰਵਿਘਨ ਪ੍ਰਬੰਧ ਕਰ ਕੇ 24 ਘੰਟੇ ਅੰਦਰ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ ਕਰੇ ਅਤੇ ਆਲੂ ਬੀਜਣ ਵਾਲੇ ਕਿਸਾਨਾਂ ਨੂੰ ਡੀ.ਏ.ਪੀ ਖਾਦ ਮੁਹੱਈਆ ਕਰਵਾਈ ਜਾਵੇ।
ਤਰਨ ਤਾਰਨ ’ਚ ਕੇਂਦਰ ਸਰਕਾਰ ਦੀ ਅਰਥੀਆਂ ਸਾੜੀਆਂ
ਤਰਨ ਤਾਰਨ(ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੱਦੇ ਤੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ-2020 ਪਾਸ ਕਰਵਾਕੇ ਬਿਜਲੀ ਦੀ ਵੰਡ ਦਾ ਕੰਮ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਦੇਣ ਦੇ ਫ਼ੈਸਲੇ ਦੇ ਵਿਰੋਧ ਵਿੱਚ ਜ਼ਿਲ੍ਹੇ ਅੰਦਰ ਥਾਂ-ਥਾਂ ਰੋਸ ਵਿਖਾਵੇ ਕੀਤੇ| ਰੋਸ ਦਾ ਪ੍ਰਗਟਾਵਾ ਕਰਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੀਆਂ ਅਰਥੀਆਂ ਵੀ ਸਾੜੀਆਂ| ਕਿਸਾਨਾਂ ਵਲੋਂ ਕੌਮੀ ਸ਼ਾਹ ਮਾਰਗ ਤੇ ਧਰਨੇ ਦੇਣ ਕਰਕੇ ਆਵਾਜਾਈ ਵਿੱਚ ਰੁਕਾਵਟ ਪਈ ਰਹੀ| ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਨੇ ਦੱਸਿਆ ਕਿ ਕਿਸਾਨਾਂ ਨੇ ਕੌਮੀ ਸ਼ਾਹ ਮਾਰਗ ਤੇ ਅੰਮ੍ਰਿਤਸਰ ਤੋਂ ਗੰਗਾਨਗਰ ਰਸਤੇ ਤੇ ਅੱਡਾ ਗੋਹਲਵੜ ਅਤੇ ਅੰਮ੍ਰਿਤਸਰ ਤੋਂ ਖੇਮਕਰਨ ਰੋਡ (ਮੰਨਣ ਟੋਲ ਪਲਾਜ਼ਾ) ਅੱਗੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।