ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 14 ਨਵੰਬਰ
ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਨੇ ਸਿਵਲ ਏਵੀਏਸ਼ਨ ਸੁਰੱਖਿਆ ਬਿਓਰੋ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਹਵਾਈ ਅੱਡਿਆਂ ਦੇ ਸਿੱਖ ਕਰਮਚਾਰੀਆਂ ਉੱਤੇ ਡਿਊਟੀ ਸਮੇਂ ਕਿਰਪਾਨ ਪਹਿਨਣ ’ਤੇ ਲਾਈ ਪਾਬੰਦੀ ’ਤੇ ਰੋਸ ਦਾ ਪ੍ਰਗਟਾਵਾ ਕੀਤਾ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਲਈ ਗੁਰੂ ਸਾਹਿਬ ਵੱਲੋਂ ਬਖਸ਼ੇ ਧਾਰਮਿਕ ਕਕਾਰ ਪਹਿਨਣਾ ਬੇਹੱਦ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਸਿੱਖ ਕਰਮਚਾਰੀਆਂ ਨੂੰ ਆਪਣੇ ਧਾਰਮਿਕ ਚਿੰਨ੍ਹ ਪਹਿਨਣ ਤੋਂ ਰੋਕਣਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ। ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ, ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ ਤੇ ਜਗਜੀਤ ਸਿੰਘ, ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਤੇ ਰਮਣੀਕ ਸਿੰਘ, ਐਡੀਸ਼ਨਲ ਆਨਰੇਰੀ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਐਡੀਸ਼ਨਲ ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ ਆਦਿ ਨੇ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਤੇ ਸਿਵਲ ਏਵੀਏਸ਼ਨ ਮੰਤਰਾਲੇ ਨੂੰ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਸਬੰਧੀ ਬਣਾਏ ਨਿਯਮਾਂ ਅਤੇ ਨੀਤੀਆਂ ਵਿੱਚ ਸੋਧ ਕਰਨ ਅਤੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਕਰਦਿਆਂ ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਕਿਰਪਾਨ ਪਹਿਨਣ ਦੀ ਖੁੱਲ੍ਹ ਦੇਣ ਦੀ ਅਪੀਲ ਕੀਤੀ।