ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਅਗਸਤ
ਪਾਕਿਸਤਾਨ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜੇ ਜਾਣ ਅਤੇ ਇਸ ਤੋਂ ਪਹਿਲਾਂ ਇੱਕ ਮੰਦਰ ਦੀ ਭੰਨ ਤੋੜ ਕਰਨ ਦੇ ਰੋਸ ਵਜੋਂ ਭਾਜਪਾ ਨੇ ਇੱਥੇ ਪਾਕਿਸਤਾਨ ਦਾ ਕੌਮੀ ਝੰਡਾ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਸਾੜ ਦੇ ਰੋਸ ਵਿਖਾਵਾ ਕੀਤਾ। ਹਾਥੀ ਗੇਟ ਵਿਖੇ ਇਹ ਰੋਸ ਵਿਖਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਦੀ ਅਗਵਾਈ ਵਿੱਚ ਕੀਤਾ ਗਿਆ। ਪ੍ਰਦਰਸ਼ਨਕਾਰੀ ਭਾਜਪਾ ਕਾਰਕੂੰਨਾ ਨੇ ਪਾਕਿਸਤਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ । ਇਸ ਮੌਕੇ ਭਾਜਪਾ ਆਗੁਆਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਪਾਕਿਸਤਾਨ ਦੀ ਸਰਕਾਰ ਅੱਗੇ ਮਜ਼ਬੂਤੀ ਨਾਲ ਰੱਖੇ। ਰੋਸ ਵਿਖਾਵੇ ਵਿੱਚ ਭਾਜਪਾ ਆਗੂ ਰਾਕੇਸ਼ ਗਿੱਲ , ਰਾਜੇਸ਼ ਕੰਧਾਰੀ , ਡਾ ਰਾਕੇਸ਼ ਸ਼ਰਮਾ , ਸੁਖਮਿੰਦਰ ਸਿੰਘ ਪਿੰਟੂ , ਡਾ ਰਾਮ ਚਾਵਲਾ , ਹਰਵਿੰਦਰ ਸੰਧੂ ਤੇ ਹੋਰ ਆਗੂ ਹਾਜ਼ਰ ਸਨ।
ਤਲਵਾੜਾ(ਦੀਪਕ ਠਾਕੁਰ): ਇੱਥੇ ਭਾਜਪਾ ਵਰਕਰਾਂ ਨੇ ਲਾਹੌਰ ਵਿੱਚ ਸ਼ੇਰ -ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਨ ਵਿਰੁੱਧ ਰੋਸ ਧਰਨਾ ਦਿੱਤਾ ਅਤੇ ਪਾਕਿਸਤਾਨ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ। ਸਥਾਨਕ ਸਬਜ਼ੀ ਮੰਡੀ ਚੌਕ ’ਤੇ ਭਾਜਪਾ ਕਿਸਾਨ ਮੋਰਚਾ ਦਾ ਆਗੂ ਦਲਜੀਤ ਸਿੰਘ ਜੀਤੂ ਅਤੇ ਸਾਬਕਾ ਮੰਡਲ ਪ੍ਰਧਾਨ ਅਸ਼ੋਕ ਸੱਭਰਵਾਲ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ। ਜਿਸ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵੀ ਸ਼ਾਮਲ ਹੋਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮੰਡਲ ਪ੍ਰਧਾਨ ਸੁਭਾਸ਼ ਕੁਮਾਰ ਬਿੱਟੂ, ਵਿਨੋਦ ਮਿੱਠੂ, ਅਸ਼ੋਕ ਮੰਗੂ ਆਦਿ ਭਾਜਪਾ ਵਰਕਰ ਮੌਜੂਦ ਸਨ। ਗੁਰਦਾਸਪੁਰ(ਕੇ.ਪੀ ਸਿੰਘ): ਪਾਕਿਸਤਾਨ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜੇ ਜਾਣ ਦੇ ਵਿਰੋਧ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਡਾਕਖ਼ਾਨਾ ਚੌਕ ਵਿਖੇ ਪਾਕਿਸਤਾਨ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਭਾਜਪਾ ਆਗੂ ਰਜਿੰਦਰ ਬਿੱਟਾ, ਅਤੁਲ ਮਹਾਜਨ, ਸੁਧੀਰ ਮਹਾਜਨ ਸਮੇਤ ਭਾਜਪਾ ਆਗੂ ਤੇ ਵਰਕਰ ਮੌਜੂਦ ਸਨ।
ਚੀਫ਼ ਖ਼ਾਲਸਾ ਦੀਵਾਨ ਵੱਲੋਂ ਬੁੱਤ ਦੀ ਬੇਅਦਬੀ ਦੀ ਨਿਖੇਧੀ
ਅੰਮ੍ਰਿਤਸਰ(ਟ੍ਰਿਬਿਊਨ ਨਿਊਜ਼ ਸਰਵਿਸ): ਲਾਹੌਰ ਵਿੱਚ ਕੱਟੜਪੰਥੀਆਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਨ ਦੀ ਚੀਫ਼ ਖ਼ਾਲਸਾ ਦੀਵਾਨ ਨੇ ਨਿਖੇਧੀ ਕੀਤੀ ਹੈ। ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਭਾਗ ਸਿੰਘ ਅਣਖੀ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਪ੍ਰਬੰਧ ਗੁਰੂ ਨਾਨਕ ਦੇਵ ਦੀ ਧਾਰਮਿਕ ਸਮਾਨਤਾ ਅਤੇ ਧਾਰਮਿਕ ਆਜ਼ਾਦੀ ਦੇ ਸਿਧਾਂਤਾਂ ’ਤੇ ਆਧਾਰਤ ਸੀ, ਜਿੱਥੇ ਸਾਰੇ ਧਾਰਮਿਕ ਹੱਕ ਅਤੇ ਹਿੱਤ ਸੁਰੱਖਿਅਤ ਸਨ। ਉਨ੍ਹਾਂ ਕਿਹਾ ਕਿ ਲਾਹੌਰ ਵਿੱਚ ਸਥਾਪਤ ਇਹ ਬੁੱਤ ਖਾਲਸਾਈ ਸ਼ਾਨ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਵੱਡਮੁੱਲੀਆਂ ਪ੍ਰਾਪਤੀਆਂ ਦਾ ਪ੍ਰਤੀਕ ਹੈ। ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।