ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਅਗਸਤ
ਡੀਸੀ ਆਫਿਸ ਐਂਪਲਾਈਜ਼ ਐਸੋਸੀਏਸ਼ਨ ਨੇ ਸਰਕਾਰ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਚਲ ਰਹੀ ਹੜਤਾਲ ਨੂੰ 9 ਅਗਸਤ ਤਕ ਮੁਲਤਵੀ ਕਰ ਦਿੱਤਾ ਹੈ। ਜਥੇਬੰਦੀ ਦੇ ਆਗੂ ਅਸਨੀਲ ਕੁਮਾਰ ਨੇ ਦੱਸਿਆ ਕਿ ਅਜ ਦੁਪਹਿਰ ਤੋਂ ਬਾਅਦ ਕਰਮਚਾਰੀ ਆਪਣੇ ਕੰਮਾਂ ’ਤੇ ਮੁੜ ਗਏ ਸਨ। ਇਸ ਸਬੰਧੀ ਅਗਲੀ ਰਣਨੀਤੀ ਦਾ ਐਲਾਨ 9 ਅਗਸਤ ਨੂੰ ਸਰਕਾਰ ਦੇ ਹੁੰਗਾਰੇ ਨੂੰ ਦੇਖਣ ਮਗਰੋਂ ਕੀਤਾ ਜਾਵੇਗਾ। ਉਸ ਨੇ ਦੱਸਿਆ ਕਿ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਅੱਜ ਇਸ ਸਬੰਧੀ ਮੀਟਿੰਗ ਹੋਈ ਹੈ ਅਤੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਭਰੋਸੇ ਮਗਰੋਂ ਹੜਤਾਲ ਮੁਲਤਵੀ ਕੀਤੀ ਗਈ ਹੈ। ਮੀਟਿੰਗ ਦੌਰਾਨ ਸੀਨੀਅਰ ਅਸਿਸਟੈਂਟ ਦੀਆਂ ਚਾਰ ਅਤੇ ਕਲਰਕਾਂ ਦੀਆਂ ਨੌਂ ਅਸਾਮੀਆਂ ਨੂੰ ਰੱਦ ਨਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਆਗੂ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਕਾਰਨ ਇਥੇ ਤਰੱਕੀ ਲੈ ਕੇ ਸੀਨੀਅਰ ਅਸਿਸਟੈਂਟ ਬਣੇ 7 ਕਲਰਕ ਪ੍ਰਭਾਵਿਤ ਹੋ ਰਹੇ ਸਨ। ਅਧਿਕਾਰੀਆਂ ਨੇ ਅੱਜ ਭਰੋਸਾ ਦਿੱਤਾ ਹੈ ਕਿ ਇਹ ਤਰੱਕੀਆਂ ਬਰਕਰਾਰ ਰਹਿਣਗੀਆਂ। ਇਸੇ ਤਰਾਂ ਹੋਰ ਮੰਗਾਂ ਬਾਰੇ ਵੀ ਭਰੋਸਾ ਦਿੱਤਾ ਗਿਆ ਹੈ। ਇਸ ਦੌਰਾਨ ਰੈਵੇਨਿੳ ਪਟਵਾਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਅਣਦੇਖਿਆਂ ਕਰਨ ਦਾ ਦੋਸ਼ ਲਾਇਆ। ਉਹ ਮੰਗ ਕਰ ਰਹੇ ਹਨ ਕਿ 7 ਪਟਵਾਰ ਸਰਕਲਾਂ ਪਿੱਛੇ ਇਕ ਕਾਨਗੋ ਦੀ ਅਸਾਮੀ ਬਣਾਈ ਜਾਵੇ, ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ ਤੇ ਪਰਖਕਾਲ ਦਾ ਸਮਾਂ ਘਟਾ ਕੇ 2 ਸਾਲ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।