ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਅਕਤੂਬਰ
ਮੁੱਖ ਅੰਸ਼
- ਸ਼ੀਤਲ ਕਤਲ ਕਾਂਡ ਦੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ
- ਗ੍ਰਿਫ਼ਤਾਰੀ ਨਾ ਹੋਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਥਾਣਾ ਗੇਟ ਹਕੀਮਾਂ ਅਧੀਨ ਪੈਂਦੇ ਹਰੀਪੁਰਾ ਇਲਾਕੇ ਵਿੱਚ ਰਹਿੰਦੀ ਕੁੜੀ ਸ਼ੀਤਲ ਨੂੰ ਇਨਸਾਫ਼ ਦਿਵਾਉਣ ਲਈ ਅੱਜ ਇੱਥੇ ਜਨਵਾਦੀ ਇਸਤਰੀ ਸਭਾ ਵੱਲੋਂ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਐਡਵਾ ਦੀ ਜ਼ਿਲ੍ਹਾ ਪ੍ਰਧਾਨ ਡਾ. ਕੰਵਲਜੀਤ ਕੌਰ ਅਤੇ ਸਕੱਤਰ ਕੰਵਲਜੀਤ ਕੌਰ ਨੇ ਕੀਤੀ।
ਇਸ ਮੌਕੇ ਇਲਾਕੇ ਦੇ ਲੋਕਾਂ ਅਤੇ ਜਥੇਬੰਦੀ ਦੇ ਕਾਰਕੁਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਹ ਦੁੱਖ ਵਾਲੀ ਗੱਲ ਹੈ ਕਿ ਸ਼ੀਤਲ ਕਤਲ ਕੇਸ ਨੂੰ ਵਾਪਰਿਆਂ ਅੱਜ ਲਗਪਗ ਇੱਕ ਮਹੀਨਾ ਹੋ ਗਿਆ ਪਰ ਪੁਲੀਸ ਅੱਜ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਵੱਲੋਂ ਸਗੋਂ ਦੋਸ਼ੀਆਂ ਦੀ ਪਨਾਹਪੁਸ਼ਤੀ ਕੀਤੀ ਜਾ ਰਹੀ ਹੈ। ਇਸ ਮੌਕੇ ਅੰਮ੍ਰਿਤਪਾਲ ਕੌਰ ਭੁੱਲਰ, ਪਰਮਜੀਤ ਕੌਰ, ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਦੀ ਸੂਬਾਈ ਪ੍ਰਧਾਨ ਸਰੋਜ ਬਾਲਾ, ਰੇਣੂੰ ਵੈਦ, ਜੋਗਿੰਦਰ ਕੌਰ ਮਾਨਾਂ ਵਾਲਾ, ਮਨਜੀਤ ਕੌਰ ਮੋਦੇ, ਸੀਪੀਐੱਮ ਦੇ ਜ਼ਿਲ੍ਹਾ ਸਕੱਤਰ ਕਾ. ਸੁੱਚਾ ਸਿੰਘ ਅਜਨਾਲਾ, ਦਰਬਾਰਾ ਸਿੰਘ ਲੋਪੋਕੇ, ਤਰਸੇਮ ਟਪਿਆਲਾ, ਨਰਿੰਦਰ ਪਾਲ ਚਮਿਆਰੀ, ਚਰਨਜੀਤ ਸਿੰਘ ਮਜੀਠਾ, ਕਿਰਪਾ ਰਾਮ, ਸਵਿੰਦਰ ਸਿੰਘ ਮੀਰਾਂ ਕੋਟ, ਸਵਿੰਦਰ ਸਿੰਘ ਸਿੱਧੂ, ਸ਼ਰਨਜੀਤ ਸਿੰਘ ਫਤਹਿਪੁਰ ਆਦਿ ਸਾਥੀ ਵੀ ਹਾਜ਼ਰ ਸਨ।
ਪ੍ਰਦਰਸ਼ਨਕਾਰੀਆਂ ਨੇ ਸ਼ੀਤਲ ਦੀਆਂ ਤਸਵੀਰਾਂ ’ਤੇ ਤਖਤੀਆਂ ਆਦਿ ਚੁੱਕੀਆਂ ਹੋਈਆਂ ਸਨ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਇਸ ਮੌਕੇ ਗੇਟ ਹਕੀਮਾਂ ਥਾਣੇ ਦੇ ਮੁਖੀ ਇੰਸਪੈਕਟਰ ਗੁਰਬਿੰਦਰ ਸਿੰਘ ਨੇ ਰੋਸ ਧਰਨੇ ਵਿੱਚ ਆ ਕੇ ਲੋਕਾਂ ਨੂੰ ਇਸ ਮਾਮਲੇ ਵਿੱਚ ਇਨਸਾਫ਼ ਦੇਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਜਲਦੀ ਹੀ ਨਾਮਜ਼ਦ ਵਿਅਕਤੀ ਗ੍ਰਿਫਤਾਰ ਕੀਤੇ ਜਾਣਗੇ। ਇਸ ਦੌਰਾਨ ਸੀਪੀਐੱਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਦੱਸਿਆ ਕਿ ਪੁਲੀਸ ਗੇਟ ਹਕੀਮਾਂ ਨੇ ਇਹ ਮਾਮਲਾ ਹੱਲ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਅੱਜ ਦਸ ਦਿਨ ਦਾ ਸਮਾਂ ਲਿਆ ਹੈ। ਜੇਕਰ ਕੀਤੇ ਵਾਅਦੇ ਅਨੁਸਾਰ ਨਾਮਜ਼ਦ ਵਿਅਕਤੀ ਗ੍ਰਿਫਤਾਰ ਨਾ ਕੀਤੇ ਗਏ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਦੌਰਾਨ ਕਈ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਦੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਅੱਗੇ ਵੀ ਇਨਸਾਫ ਪ੍ਰਾਪਤੀ ਲਈ ਹਰ ਸੰਭਵ ਸਹਿਯੋਗ ਦੇਣ ਦਾ ਐਲਾਨ ਕੀਤਾ।