ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਅਗਸਤ
ਸੱਤਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੀ ਮੰਗ ਲਈ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਵੱਲੋਂ ਅੱਜ ਵੱਖ ਵੱਖ ਕਾਲਜਾਂ ਵਿੱਚ ਦੋ ਘੰਟਿਆਂ ਲਈ ਧਰਨੇ ਦਿੱਤੇ ਗਏ। ਇਸ ਕਾਰਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਸਾਰੇ ਕਾਲਜਾਂ ਵਿੱਚ ਦੋ ਘੰਟੇ ਲਈ ਪੜ੍ਹਾਈ ਦਾ ਕੰਮ ਠੱਪ ਰਿਹਾ।
ਇਸ ਸਬੰਧੀ ਪੀਸੀਸੀਟੀਯੂ ਦੇ ਜਨਰਲ ਸਕੱਤਰ ਡਾ. ਗੁਰਦਾਸ ਸਿੰਘ ਸੇਖੋਂ, ਜੋ ਡੀਏਵੀ ਕਾਲਜ ਵਿੱਚ ਅਧਿਆਪਕ ਹਨ, ਨੇ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਸੱਤਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਨਹੀਂ ਕੀਤਾ ਜਾਂਦਾ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਅਜਿਹੇ ਰੋਸ ਪ੍ਰਦਰਸ਼ਨ ਜਾਰੀ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਵਿਧਾਇਕਾਂ ਲਈ ਅਤੇ ਹੋਰ ਖ਼ਰਚਿਆਂ ਲਈ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ ਪਰ ਅਧਿਆਪਕਾਂ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਛੱਡ ਕੇ ਬਾਕੀ ਹੋਰ ਸਾਰੇ ਸੂਬਿਆਂ ਵਿੱਚ ਸੱਤਵਾਂ ਤਨਖ਼ਾਹ ਕਮਿਸ਼ਨ ਲਾਗੂ ਹੋ ਚੁੱਕਿਆ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਇਸ ਮਾਮਲੇ ਵਿੱਚ ਖ਼ੁਦ ਦਖ਼ਲ ਅੰਦਾਜ਼ੀ ਕਰਨ ਅਤੇ ਜਲਦੀ ਤੋਂ ਜਲਦੀ ਅਧਿਆਪਕਾਂ ਦੀ ਮੰਗ ਨੂੰ ਪੂਰਾ ਕੀਤਾ ਜਾਵੇ। ਖ਼ਾਲਸਾ ਕਾਲਜ ਵਿੱਚ ਵੀ ਇਸੇ ਤਰ੍ਹਾਂ ਅਧਿਆਪਕਾਂ ਵੱਲੋਂ ਦੋ ਘੰਟੇ ਲਈ ਰੋਸ ਧਰਨਾ ਦਿੱਤਾ ਗਿਆ।