ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਅਪਰੈਲ
ਇਥੋਂ ਦੇ ਹੋਟਲ, ਰੈਸਤਰਾਂ, ਮੈਰਿਜ ਪੇਲੈਸਾਂ ਤੇ ਢਾਬਿਆਂ ਦੇ ਪ੍ਰਬੰਧਕਾਂ, ਮਾਲਕਾਂ ਤੇ ਕਰਮਚਾਰੀਆਂ ਨੇ ਸਾਬਕਾ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਦੀ ਅਗਵਾਈ ਹੇਠ ਕਚਹਿਰੀ ਚੌਕ ਨੇੜੇ ਇਕੱਠੇ ਹੋ ਕੇ ਸਰਕਾਰ ਵੱਲੋਂ ਕਰੋਨਾ ਨਿਯਮਾਂ ਤਹਿਤ ਲਾਈਆਂ ਪਾਬੰਦੀਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਇਹ ਰੋਕਾਂ ਹਟਾਉਣ ਅਤੇ ਰਾਹਤ ਦੇਣ ਦੀ ਮੰਗ ਕੀਤੀ। ਇਹ ਸਬੰਧੀ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ।
ਇਸ ਮੌਕੇ ਸ੍ਰੀ ਮੰਨਾ ਨੇ ਕਿਹਾ ਕਿ ਕਰੋਨਾ ਕਾਰਨ ਹੋਟਲਾਂ, ਰੈਸਤਰਾਂ, ਢਾਬਿਆਂ ਅਤੇ ਵਿਦਿਅਕ ਅਦਾਰਿਆਂ ’ਤੇ ਵਧੇਰੇ ਰੋਕਾਂ ਲਾਈਆਂ ਜਾ ਰਹੀਆਂ ਹਨ। ਸਿੱਟੇ ਵਜੋਂ ਇਸ ਕਿੱਤੇ ਨਾਲ ਜੁੜੇ ਲੋਕਾਂ ਲਈ ਰੋਜ਼ੀ ਰੋਟੀ ਕਮਾਉਣੀ ਔਖੀ ਹੋ ਗਈ ਹੈ। ਪਹਿਲਾਂ ਤਾਲਾਬੰਦੀ ਅਤੇ ਹੁਣ ਮੁੜ ਨਵੀਆਂ ਰੋਕਾਂ ਕਾਰਨ ਕਈ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਰੈਲੀਆਂ ਨਿਰੰਤਰ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਸੈਂਕੜੇ ਲੋਕ ਪਹੁੰਚ ਰਹੇ ਹਨ। ਇਹ ਰੈਲੀਆਂ ਹਾਕਮ ਅਤੇ ਵਿਰੋਧੀ ਧਿਰਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਕਰੋਨਾ ਦੇ ਚਲਦਿਆਂ ਸਰਕਾਰ ਵੱਲੋਂ ਇਨ੍ਹਾਂ ਰੈਲੀਆਂ ’ਤੇ ਕੋਈ ਰੋਕ ਨਹੀਂ ਲਗਾਈ ਗਈ ਹੈ। ਦੂਜੇ ਪਾਸੇ ਹੋਟਲ, ਰਿਜ਼ੋਰਟ, ਰੈਸਤਰਾਂ ਅਤੇ ਮੈਰਿਜ ਪੈਲੇਸ ਵਾਲਿਆਂ ’ਤੇ ਕਈ ਰੋਕਾਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਇਸ ਮਾਮਲੇ ਵਿਚ ਹਿਮਾਚਲ, ਜੰਮੂ ਕਸ਼ਮੀਰ ਤੇ ਹੋਰ ਰਾਜਾਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਉਥੇ ਵੀ ਕਰੋਨਾ ਦੇ ਬਾਵਜੂਦ ਸੈਰ ਸਪਾਟਾ ਨਿਰੰਤਰ ਜਾਰੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹੋਟਲ, ਰਿਜ਼ੋਰਟ, ਰੈਸਤਰਾਂ ਅਤੇ ਮੈਰਿਜ ਪੈਲੇਸਾਂ ’ਤੇ ਲਾਈਆਂ ਰੋਕਾਂ ਨੂੰ ਖਤਮ ਕੀਤਾ ਜਾਵੇ ਅਤੇ ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਆਮਦਨ ਦਾ ਜ਼ਰੀਆ ਬਰਕਰਾਰ ਰੱਖ ਸਕਣ।
ਅੰਮ੍ਰਿਤਸਰ ਵਿੱਚ ਕਰੋਨਾ ਕਾਰਨ 9 ਮੌਤਾਂ; 248 ਨਵੇਂ ਕੇਸ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾਵਾਇਰਸ ਕਾਰਨ ਅੱਜ ਜ਼ਿਲ੍ਹੇ ਵਿਚ 9 ਵਿਅਕਤੀਆਂ ਦੀ ਮੌਤ ਹੋਈ ਹੈ। ਇਸ ਦੌਰਾਨ 248 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਵੇਰਵਿਆਂ ਅਨੁਸਾਰ ਕਰੋਨਾ ਕਾਰਨ 65 ਸਾਲਾਂ ਦੇ ਸੁਸ਼ੀਲ ਕੁਮਾਰ ਵਾਸੀ ਜੁਝਾਰ ਸਿੰਘ ਐਵੀਨਿਊ, 45 ਸਾਲਾਂ ਦੇ ਵਿਲਸਨ ਵਾਸੀ ਫਕੀਰ ਸਿੰਘ ਕਲੋਨੀ, 71 ਸਾਲਾਂ ਦੀ ਮਨਜੀਤ ਕੌਰ ਵਾਸੀ ਪਿੰਡ ਭਕਨਾ ਕਲਾਂ, 78 ਸਾਲਾਂ ਦੀ ਕੌਸ਼ਲਿਆ ਦੇਵੀ ਵਾਸੀ ਪ੍ਰੇਮ ਨਗਰ, 75 ਸਾਲਾਂ ਦੇ ਗੁਰਬਚਨ ਸਿੰਘ ਵਾਸੀ ਪੁਤਲੀਘਰ, 78 ਸਾਲਾਂ ਦੇ ਬਲਬੀਰ ਸਿੰਘ ਵਾਸੀ ਦਬੁਰਜੀ, 67 ਸਾਲਾਂ ਦੇ ਗੁਰਨਾਮ ਸਿੰਘ ਵਾਸੀ ਪਿੰਡ ਵਡਾਲਾ ਕਲਾਂ, 83 ਸਾਲਾਂ ਦੇ ਰਕੇਸ਼ ਚੰਦਰ ਵਾਸੀ ਮੈਡੀਕਲ ਐਨਕਲੇਵ ਅਤੇ 38 ਸਾਲਾਂ ਦੀ ਜਰਬੰਸ ਕੌਰ ਵਾਸੀ ਅਜਨਾਲਾ ਦੀ ਮੌਤ ਹੋਈ ਹੈ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿਚ ਅੱਜ ਕਰੋਨਾ ਪੀੜਤ 6 ਮਰੀਜ਼ਾਂ ਦੀ ਮੌਤ ਹੋਈ ਹੈ ਤੇ 351 ਨਵੇਂ ਕੇਸ ਆਏ ਹਨ। ਜ਼ਿਲ੍ਹੇ ਹੁਣ ਤੱਕ 957 ਮੌਤਾਂ ਹੋ ਚੁੱਕੀਆਂ ਹਨ ਤੇ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 32,095 ਤੱਕ ਪਹੁੰਚ ਗਈ ਹੈ। ਅੱਜ ਆਏ ਪਾਜ਼ੇਟਿਵ ਮਰੀਜ਼ਾਂ ਵਿਚੋਂ 307 ਜਣੇ ਜਲੰਧਰ ਨਾਲ ਸਬੰਧਤ ਹਨ ਜਦੋਂਕਿ 44 ਮਰੀਜ਼ ਬਾਹਰਲੇ ਜ਼ਿਲ੍ਹਿਆਂ ਦੇ ਹਨ।