ਪੱਤਰ ਪ੍ਰੇਰਕ
ਅੰਮ੍ਰਿਤਸਰ, 18 ਫਰਵਰੀ
ਜ਼ਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਜ਼ਿਲ੍ਹੇ ਵਿਚ ਸਾਰੇ 80 ਸਾਲ ਤੋਂ ਵਡੇਰੀ ਉਮਰ ਅਤੇ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਦੇ ਵੇਰਵੇ ਲੈ ਕੇ ਉਨ੍ਹਾਂ ਨੂੰ ਵੋਟ ਬੂਥ ਤਕ ਲਿਜਾਣ ਦੇ ਵੇਰਵੇ ਇਕੱਤਰ ਕੀਤੇ ਜਾ ਚੁੱਕੇ ਹਨ। ਹਰੇਕ 150 ਘਰ ਲਈ ਤਾਇਨਾਤ ਕੀਤੇ ਗਏ ਬੀਐਲਓਜ਼ ਨੇ ਘਰ-ਘਰ ਪਹੁੰਚ ਕਰਕੇ ਅਜਿਹੇ ਵੋਟਰਾਂ ਦੀ ਸਹਿਮਤੀ ਲਈ ਹੈ, ਜਿਸ ਅਧਾਰ ਉਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੱਡੀਆਂ ਤੇ ਵੀਲ੍ਹ ਚੇਅਰ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 14918 ਵਿਸ਼ੇਸ਼ ਲੋੜਾਂ ਵਾਲੇ ਅਤੇ 49249 ਅਜਿਹੇ ਵੋਟਰ ਹਨ, ਜਿਨ੍ਹਾਂ ਦੀ ਉਮਰ 80 ਸਾਲ ਤੋਂ ਵੱਧ ਹੈ। ਇਸ ਦੇ ਨਾਲ ਹੀ ਸਾਡੇ ਕੋਲ 18 ਤੋਂ 19 ਸਾਲ ਉਮਰ ਵਰਗ ਦੇ 30216 ਅਜਿਹੇ ਵੋਟਰ ਹਨ, ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਉਣ ਜਾਣਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵੋਟਰ ਨੂੰ ਆਪਣੇ ਘਰ ਜਾਂ ਆਂਢ-ਗੁਆਂਢ ਦੇ ਲੋੜਵੰਦ ਵੋਟਰ ਨੂੰ ਬੂਥ ਤਕ ਲਿਜਾਣ ਦੀ ਜ਼ਿੰਮੇਵਾਰੀ ਬੀ ਐਲ ਓ ਰਾਹੀਂ ਦਿੱਤੀ ਗਈ ਹੈ।