ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਅਪਰੈਲ
ਅੰਮ੍ਰਿਤਸਰ ਜ਼ਿਲ੍ਹੇ ਵਿਚ ਕਣਕ ਦੀ ਖ਼ਰੀਦ ਦਾ ਅੰਕੜਾ ਡੇਢ ਲੱਖ ਮੀਟ੍ਰਿਕ ਟਨ ਤੋਂ ਪਾਰ ਹੋ ਗਿਆ ਹੈ। ਬੀਤੀ ਸ਼ਾਮ ਤੱਕ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ 1,67,328 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਅਤੇ ਇਸ ਵਿਚੋਂ ਪਨਗਰੇਨ ਏਜੰਸੀ ਮੋਹਰੀ ਹੈ ਤੇ ਐੱਫਸੀਆਈ ਖਰੀਦ ਵਿਚ ਫਾਡੀ ਹੈ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕਣਕ ਦੀ ਖਰੀਦ ਨਿਰਵਿਘਨ ਜਾਰੀ ਹੈ ਅਤੇ ਖਰੀਦ ਕੀਤੀ ਗਈ ਕਣਕ ਲਈ ਹੁਣ ਤੱਕ ਕਿਸਾਨਾਂ ਨੂੰ 100.56 ਕਰੋੜ ਰੁਪਏ ਦੀ ਅਦਾਇਗੀ ਆਨਲਾਈਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਏਜੰਸੀ ਹੁਣ ਤੱਕ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਵਿੱਚ ਮੋਹਰੀ ਰਹੀ ਹੈ ਅਤੇ ਇਸ ਵੱਲੋਂ ਹੁਣ ਤੱਕ 50,583 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸੇ ਤਰ੍ਹਾਂ ਵੱਖ-ਵੱਖ ਖ਼ਰੀਦ ਕੇਂਦਰਾਂ ਵਿਚ ਬੀਤੀ ਸ਼ਾਮ ਤੱਕ ਕੁੱਲ 1,81,953 ਮੀਟ੍ਰਿਕ ਟਨ ਕਣਕ ਪੁੱਜੀ ਸੀ ਜਿਸ ਵਿਚੋਂ ਮਾਰਕਫੈੱਡ ਵੱਲੋਂ 50,299 ਮੀਟ੍ਰਿਕ ਟਨ, ਪਨਸਪ ਵੱਲੋਂ 38,253 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 16,202 ਮੀਟ੍ਰਿਕ ਟਨ ਅਤੇ ਐੱਫਸੀਆਈ ਵੱਲੋਂ 11,891 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੌਸਮ ਵਿਚ ਆਈ ਤਬਦੀਲੀ ਦੇ ਬਾਵਜੂਦ ਮੰਡੀਆਂ ਵਿੱਚ ਕਣਕ ਦੀ ਆਮਦ ਤੇਜ਼ੀ ਨਾਲ ਹੋ ਰਹੀ ਹੈ ਅਤੇ ਉਸੇ ਗਤੀ ਨਾਲ ਕਣਕ ਦੀ ਖ਼ਰੀਦ ਵੀ ਕੀਤੀ ਜਾ ਰਹੀ ਹੈ।
ਕਿਸਾਨਾਂ ਨੂੰ ਅਦਾਇਗੀ ਦਾ ਵੇਰਵਾ
ਪਨਗਰੇਨ ਵੱਲੋਂ ਕਿਸਾਨਾਂ ਨੂੰ 31.22 ਕਰੋੜ ਰੁਪਏ, ਮਾਰਕਫੈੱਡ ਵੱਲੋਂ 42.52 ਕਰੋੜ ਰੁਪਏ, ਪਨਸਪ ਵੱਲੋਂ 15.66 ਕਰੋੜ ਰੁਪਏ, ਵੇਅਰਹਾਊਸ ਵੱਲੋਂ 10.82 ਕਰੋੜ ਰੁਪਏ ਅਤੇ ਐੱਫਸੀਆਈ ਵੱਲੋਂ 0.34 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ।