ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਅਪਰੈਲ
ਵਿਰਸਾ ਵਿਹਾਰ ਵਿੱਚ ਚੱਲ ਰਹੇ ਕੌਮੀ ਰੰਗਮੰਚ ਉਤਸਵ ਵਿੱਚ ਮੰਚ-ਰੰਗਮੰਚ ਦੀ ਟੀਮ ਵੱਲੋਂ ਭਾਅ ਜੀ ਗੁਰਸ਼ਰਨ ਸਿੰਘ ਦਾ ਲਿਖਿਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ, ਪੰਜਾਬੀ ਨਾਟਕ ‘ਸੀਸ ਤਲੀ ਤੇ’ ਦਾ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਮੰਚਨ ਕੀਤਾ ਗਿਆ। ਸ੍ਰੀ ਧਾਲੀਵਾਲ ਨੇ ਦੱਸਿਆ ਕਿ ‘ਸੀਸ ਤਲੀ ’ਤੇ’ ਬੱਬਰ ਅਕਾਲੀ ਲਹਿਰ ਬਾਰੇ ਲਿਖਿਆ ਇਕ ਨਾਟਕ ਹੈ। ਦੁਆਬੇ ਇਲਾਕੇ ਵਿੱਚੋਂ ਉਠੀ ਬੱਬਰ ਲਹਿਰ ਦਾ ਇਹ ਸ਼ਤਾਬਦੀ ਸਾਲ ਹੈ, ਇਸ ਲਈ ਇਸ ਨਾਟਕ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਇਸ ਵਿਚ ਅੰਗਰੇਜ਼ ਸਰਕਾਰ ਵੇਲੇ ਗੁਲਾਮੀ ਦੀ ਜ਼ਿੰਦਗੀ ਹੰਢਾ ਰਹੇ, ਸੰਘਰਸ਼ਸ਼ੀਲ ਲੋਕਾਂ ਦੀ ਕਹਾਣੀ ਹੈ। ਨਾਟਕ ਵਿੱਚ ਬੱਬਰ ਕੁੰਦਨ ਸਿੰਘ ਦੀ ਭੂਮਿਕਾ ਨੂੰ ਨੌਜਵਾਨ ਅਦਾਕਾਰ ਸਾਜਨ ਕੋਹਿਨੂਰ ਨੇ ਨਿਭਾਇਆ। ਨਾਟਕ ਵਿੱਚ ਸਰਬਜੀਤ ਸਿੰਘ ਲਾਡਾ ਨੇ ਸ਼ਾਹ ਦੀ ਭੂਮਿਕਾ, ਡੋਲੀ ਸੱਡਲ ਨੇ ਅਤੇ ਵੀਰਪਾਲ ਕੌਰ ਨੇ ਰਤਨੀ ਦੇ ਰੂਪ ’ਚ ਕੰਮ ਕੀਤਾ।