ਰਾਜਨ ਮਾਨ
ਰਮਦਾਸ, 24 ਮਈ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੁਮਲਿਆਂ ਵਿਚ ਨਹੀਂ ਫਸਣਗੇ।
ਅੱਜ ਸਰਹੱਦੀ ਪਿੰਡ ਜਗਦੇਵ ਖੁਰਦ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਪੰਜਾਬ ਦੇ ਲੋਕਾਂ ਨੂੰ ਦੱਸਣ ਲਈ ਕੁਝ ਨਹੀਂ ਹੈ ਜਿਸ ਕਰਕੇ ਉਹ ਪਾਕਿਸਤਾਨ ਤੋਂ ਖ਼ਤਰਾ ਜਾਂ ਹੋਰ ਗ਼ਰੈਜ਼ਿੰਮੇਵਾਰਾਨਾ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਦੇ ਕਿਸਾਨਾਂ ਨੂੰ ਸੜਕਾਂ ’ਤੇ ਰੋਲਣ ਵਾਲੀ ਇਸ ਭਾਜਪਾ ਸਰਕਾਰ ਤੋਂ ਲੋਕਾਂ ਦਾ ਪਹਿਲਾਂ ਹੀ ਮੋਹ ਭੰਗ ਹੋ ਚੁੱਕਾ ਹੈ ਤਾਂ ਹੀ ਮੋਦੀ ਮਗਰਮੱਛ ਵਾਲੇ ਅੱਥਰੂ ਵਹਾ ਕੇ ਲੋਕਾਂ ਤੋਂ ਹਮਦਰਦੀ ਲੈਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਲੋਕ ਪ੍ਰਧਾਨ ਮੰਤਰੀ ਦੇ ਜੁਮਲਿਆਂ ਤੋਂ ਵਾਕਿਫ਼ ਹੋ ਚੁੱਕੇ ਹਨ ਜਿਸ ਕਰਕੇ ਭਾਜਪਾ ਦੀਆਂ ਰੈਲੀਆਂ ਵਿੱਚ ਸਿਰਫ ਕਥਿਤ ਦਿਹਾੜੀ ਉਪਰ ਬੰਦੇ ਲਿਆ ਕੇ ਇਕੱਠ ਕੀਤਾ ਜਾ ਰਿਹਾ ਹੈ। ਆਮ ਲੋਕ ਭਾਜਪਾ ਤੋਂ ਮੂੰਹ ਮੋੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਲੋਕਾਂ ਨੂੰ ਦੱਸਣ ਲਈ ਕੁਝ ਨਹੀਂ ਹੈ ਤਾਂ ਹੀ ਉਹ ਆਪਣੇ ਵਲੋਂ ਦਸ ਸਾਲਾਂ ਵਿੱਚ ਕੀਤੇ ਇਕ ਵੀ ਕੰਮ ਨੂੰ ਨਹੀਂ ਦੱਸ ਰਹੇ ਸਗੋਂ ਵਿਨਾਸ਼ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਲੋਕਾਂ ਨੇ ਇਨ੍ਹਾਂ ਜੁਮਲੇਬਾਜ਼ਾਂ ਨੂੰ ਚੱਲਦਾ ਕਰਨ ਦਾ ਮਨ ਬਣਾ ਲਿਆ ਹੈ ਅਤੇ ਹੁਣ ਤਾਂ ਸਿਰਫ ਚਾਰ ਤਰੀਕ ਦੀ ਉਡੀਕ ਹੈ। ਧਾਲੀਵਾਲ ਨੇ ਕਿਹਾ ਕਿ ‘ਆਪ’ ਤੋਂ ਪ੍ਰਧਾਨ ਮੰਤਰੀ ਡਰੇ ਹੋਏ ਹਨ ਤਾਂ ਹੀ ਕੇਜਰੀਵਾਲ ਵਿਰੁੱਧ ਝੂਠੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਹਨ। ਧਾਲੀਵਾਲ ਮੁਤਾਬਕ ਜਿਵੇਂ ਪੰਜਾਬ ਵਿਚੋਂ ਅਕਾਲੀ ਦਲ ਦਾ ਪਤਨ ਹੋਇਆ ਹੈ ਉਸੇ ਤਰ੍ਹਾਂ ਦੇਸ਼ ਵਿਚੋਂ ਭਾਰਤੀ ਜਨਤਾ ਪਾਰਟੀ ਦਾ ਹੋਵੇਗਾ। ਉਨ੍ਹਾਂ ਕਿਹਾ ਪਹਿਲਾਂ ‘ਬੀ’ ਟੀਮ ਹਾਸ਼ੀਏ ’ਤੇ ਗਈ ਅਤੇ ਹੁਣ ‘ਏ’ ਟੀਮ ਹਾਸ਼ੀਏ ਤੇ ਜਾਣ ਦੀ ਤਿਆਰੀ ਵਿੱਚ ਹੈ। ਇਸ ਮੌਕੇ ਧਾਲੀਵਾਲ ਨੇ ਕਈ ਪਾਰਟੀਆਂ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਵਿਅਕਤੀਆਂ ਦਾ ਸਵਾਗਤ ਕੀਤਾ।
‘ਆਪ’ ਉਮੀਦਵਾਰ ਵੱਲੋਂ ਅੰਮ੍ਰਿਤਸਰ ਕੇਂਦਰੀ ਵਿੱਚ ਚੋਣ ਮੀਟਿੰਗਾਂ
ਅੰਮ੍ਰਿਤਸਰ (ਟਨਸ): ਆਪ’ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੋਸ਼ ਲਾਇਆ ਕਿ ਕੇਂਦਰ ਦੀ ਸਰਕਾਰ ਨੇ ਦਸ ਸਾਲ ਵਿੱਚ ਸਿਰਫ ਧਰਮ ਅਤੇ ਨਫ਼ਰਤ ਦੀ ਰਾਜਨੀਤੀ ਕੀਤੀ ਹੈ। ਜੇਕਰ ਭਾਜਪਾ ਸਰਕਾਰ ਨੇ ਲੋਕਾਂ ਵਾਸਤੇ ਕੰਮ ਕੀਤੇ ਹੁੰਦੇ ਅੱਜ ਉਸ ਨੂੰ ਰਾਮ ਮੰਦਿਰ ਤੇ ਜਾਂ ‘ਮੰਗਲ ਸੂਤਰ’ ਦੇ ਨਾਮ ਤੇ ਵੋਟਾਂ ਨਾ ਮੰਗਣੀਆਂ ਪੈਂਦੀਆਂ। ਹਲਕਾ ਅੰਮ੍ਰਿਤਸਰ ਕੇਂਦਰੀ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਭਾਜਪਾ ਇਕ ਵਾਰ ਮੁੜ ‘ਪੈਰਾਸ਼ੂਟ ਉਮੀਦਵਾਰ’ ਲਿਆਈ ਹੈ, ਜੋ ਅੰਮ੍ਰਿਤਸਰ ਦੇ ਮੁੱਦਿਆਂ ਤੋਂ ਅਣਜਾਣ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸੀ ਉਮੀਦਵਾਰ ਅੱਜ ਧਰਨੇ ’ਤੇ ਰੋਸ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜਦਕਿ ਸੀਵਰੇਜ ਤੇ ਪਾਣੀ ਦੀਆਂ ਸਮੱਸਿਆਵਾਂ ਦਾ ਹੱਲ ਐਮਪੀ ਲੈਡ ਫੰਡ ਨਾਲ ਵੀ ਕੀਤਾ ਜਾ ਸਕਦਾ ਸੀ।