ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਫਰਵਰੀ
ਭਾਜਪਾ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਅਤੇ ਸਾਬਕਾ ਅਧਿਕਾਰੀ ਡਾ. ਜਗਮੋਹਨ ਸਿੰਘ ਰਾਜੂ ਨੇ ਕੇਂਦਰੀ ਰੱਖਿਆ ਸਕੱਤਰ ਡਾ. ਅਜੇ ਕੁਮਾਰ ਨਾਲ ਇਕ ਮੁਲਾਕਾਤ ਕਰਕੇ ਅੰਮ੍ਰਿਤਸਰ ਵਿਚ ਵੱਲਾ ਨੇੜੇ ਫੌਜ ਦੇ ਅਸਲਾ ਡੰਪ ਨੇੜੇ ਫੌਜੀ ਨਿਯਮਾਂ ਮੁਤਾਬਕ ਹਜ਼ਾਰ ਮੀਟਰ ਦੇ ਘੇਰੇ ਵਿਚ ਕੋਈ ਉਸਾਰੀ ਨਾ ਕਰਨ ਦੇ ਆਦੇਸ਼ਾਂ ਵਿਚ ਛੋਟ ਦੇਣ ਸਬੰਧੀ ਗੱਲਬਾਤ ਕੀਤੀ ਹੈ। ਉਨ੍ਹਾਂ ਮੰਗ ਰੱਖੀ ਹੈ ਕਿ ਇਹ ਘੇਰਾ ਹਜ਼ਾਰ ਮੀਟਰ ਦੀ ਥਾਂ 350 ਮੀਟਰ ਕੀਤਾ ਜਾਵੇ।
ਸਾਬਕਾ ਆਈਏਐਸ ਅਧਿਕਾਰੀ ਨੇ ਕੇਂਦਰੀ ਰੱਖਿਆ ਸਕੱਤਰ ਨੂੰ ਇਥੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਵੀ ਜਾਣੂ ਕਰਾਇਆ ਹੈ। ਉਨ੍ਹਾਂ ਕਿਹਾ ਕਿ ਵੱਲਾ ਨੇੜੇ ਫੌਜ ਦਾ ਅਸਲਾ ਡੰਪ ਹੋਣ ਕਾਰਨ ਇਥੇ ਨੇੜੇ ਰਹਿੰਦੇ ਲੋਕਾਂ ਅਤੇ ਸਬਜ਼ੀ ਮੰਡੀ ਵਿਚ ਕਿਸੇ ਵੀ ਤਰ੍ਹਾਂ ਦੀ ਉਸਾਰੀ ’ਤੇ ਰੋਕ ਲੱਗੀ ਹੋਈ ਹੈ। ਲੋਕ ਇਕ ਮੰਜ਼ਿਲ ਤੋਂ ਵੱਧ ਉੱਚੇ ਘਰ ਨਹੀਂ ਬਣਾ ਸਕਦੇ। ਇਸੇ ਤਰ੍ਹਾਂ ਸਬਜ਼ੀ ਮੰਡੀ ਵਿਚ ਵੀ ਕੋਈ ਉਸਾਰੀ ਨਹੀਂ ਹੋ ਸਕਦੀ। ਲੋਕ ਪਿਛਲੇ ਲੰਮੇ ਸਮੇਂ ਤੋਂ ਇਸ ਮਨਾਹੀ ਹੇਠ ਆਉਂਦੇ ਇਕ ਹਜ਼ਾਰ ਮੀਟਰ ਦੇ ਘੇਰੇ ਨੂੰ 350 ਮੀਟਰ ਤਕ ਕਰਨ ਦੀ ਮੰਗ ਕਰ ਰਹੇ ਹਨ। ਪਰ ਉਨ੍ਹਾਂ ਦੀ ਇਸ ਮੰਗ ’ਤੇ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇਸੇ ਮਨਾਹੀ ਕਾਰਨ ਵੱਲਾ ਸਬਜ਼ੀ ਮੰਡੀ ਨੇੜੇ ਬਣ ਰਿਹਾ ਰੇਲਵੇ ਪੁਲ ਦਾ ਕੰਮ ਵੀ ਰੁਕਿਆ ਹੋਇਆ ਹੈ। ਫੌਜ ਵਲੋਂ ਇਸ ਦੀ ਮਨਜ਼ੂਰੀ ਨਾ ਮਿਲਣ ਕਾਰਨ ਇਹ ਪੁਲ ਅਧੂਰਾ ਲਟਕਿਆ ਪਿਆ ਹੈ। ਉਨ੍ਹਾਂ ਕਿਹਾ ਕਿ ਮਾਲ ਮੰਡੀ ਵਾਲੇ ਪਾਸੇ ਤਾਂ ਪੁਲ ਦਾ ਕੰਮ ਕੀਤਾ ਗਿਆ ਹੈ ਪਰ ਵੱਲਾ ਵਾਲੇ ਪਾਸੇ ਇਹ ਕੰਮ ਲਟਕਿਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪੇ੍ਸ਼ਾਨੀ ਪੇਸ਼ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਅਤੇ ਲੰਮਾ ਸਮਾਂ ਸੰਸਦ ਮੈਂਬਰ ਰਹੇ ਨਵਜੋਤ ਸਿੰਘ ਸਿੱਧੂ ਨੇ ਹਲਕੇ ਦੇ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਵੱਲ ਕਦੇ ਧਿਆਨ ਨਹੀਂ ਦਿੱਤਾ। ਚੋਣ ਜਿੱਤਣ ਤੋਂ ਬਾਅਦ ਉਹ ਹਲਕੇ ਵਿਚੋਂ ਗਾਇਬ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਹ ਸਮੱਸਿਆ ਉਨ੍ਹਾਂ ਨੇ ਕੇਂਦਰ ਸਰਕਾਰ ਕੋਲ ਰੱਖੀ ਹੈ। ਰੱਖਿਆ ਸਕੱਤਰ ਨੇ ਇਸ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਕੇਂਦਰੀ ਰੱਖਿਆ ਸਕੱਤਰ ਡਾ ਅਜੇ ਕੁਮਾਰ, ਡਾ. ਜਗਮੋਹਨ ਸਿੰਘ ਰਾਜੂ ਦੇ ਮਿੱਤਰ ਵੀ ਹਨ ਅਤੇ ਉਨ੍ਹਾਂ ਇਕੱਠਿਆਂ ਸਿਖਲਾਈ ਵੀ ਲਈ ਹੈ।