ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਮਾਰਚ
‘ਨੌਜਵਾਨ ਭਾਰਤ ਸਭਾ’ ਅਤੇ ‘ਪੀਐੱਸਯੂ’ (ਲਲਕਾਰ) ਨੇ ਚੰਡੀਗੜ੍ਹ ਨੇੜੇ ਹੱਲੋਮਾਜਰਾ ਇਲਾਕੇ ਵਿੱਚ ਛੇ ਸਾਲਾ ਬੱਚੀ ਨਾਲ ਹੋਏ ਜਬਰ-ਜਨਾਹ ਖ਼ਿਲਾਫ਼ ਰੋਸ ਪ੍ਰਗਟਾਉਣ ਵਾਲੇ ਲੋਕਾਂ ਦੀ ਗ੍ਰਿਫ਼ਤਾਰੀ ਵਿਰੁੱਧ ਅੱਜ ਸ਼ਾਮ ਇੱਥੇ ਕੋਟ ਖਾਲਸਾ ਇਲਾਕੇ ਵਿੱਚ ਬਾਬਾ ਜੀਵਨ ਸਿੰਘ ਦੇ ਗੁਰਦੁਆਰੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ।
ਇੱਥੇ ਰੋਸ ਪ੍ਰਦਰਸ਼ਨ ਕਰਦਿਆਂ ਨੌਜਵਾਨ ਭਾਰਤ ਸਭਾ ਦੀ ਆਗੂ ਰਵਿੰਦਰ ਕੌਰ ਨੇ ਆਖਿਆ ਕਿ ਹੱਲੋਮਾਜਰਾ ਇਲਾਕੇ ਵਿੱਚ ਛੇ ਸਾਲਾ ਬੱਚੀ ਨਾਲ ਜਬਰ-ਜਨਾਹ ਮਗਰੋਂ ਉਸ ਦੀ ਲਾਸ਼ ਨੂੰ ਨੇੜੇ ਜੰਗਲ ਵਿੱਚ ਸੁੱਟ ਦਿੱਤਾ ਗਿਆ ਸੀ। ਉਸ ਨੇ ਆਖਿਆ ਕਿ ਪੁਲੀਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਰੋਸ ਪ੍ਰਦਰਸ਼ਨ ਕਰਨ ਵਾਲੇ ਸਥਾਨਕ ਲੋਕਾਂ ’ਤੇ ਲਾਠੀਚਾਰਜ ਕੀਤਾ। ਇਸ ਦੌਰਾਨ ਪੀਐੱਸਯੂ ਲਲਕਾਰ ਨਾਲ ਸਬੰਧਤ ਆਗੂ ਅਮਨਦੀਪ ਸਿੰਘ, ਨੌਜਵਾਨ ਭਾਰਤ ਸਭਾ ਦੇ ਵੈਭਵ ਅਤੇ ਸਥਾਨਕ ਵਾਸੀ ਗੋਪਾਲ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਮਾਮਲੇ ਨੂੰ ਰਫਾ-ਦਫਾ ਕਰਨ ਲਈ ਇਨਸਾਫ਼ ਦੀ ਮੰਗ ਕਰ ਰਹੇ ਲੋਕਾਂ ’ਤੇ ਹੀ ਤਸ਼ੱਦਦ ਕਰ ਰਹੀ ਹੈ। ਅੱਜ ਇਸ ਧੱਕੇਸ਼ਾਹੀ ਖ਼ਿਲਾਫ਼ ਕੋਟ ਖਾਲਸਾ ਦੇ ਲੋਕਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਬੇਕਸੂਰ ਨੌਜਵਾਨ ਰਿਹਾਅ ਕੀਤੇ ਜਾਣ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।