ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਜੂਨ
ਇੱਥੇ ਅੱਜ ਸ਼ਾਮ ਨੂੰ ਚੱਲੀ ਤੇਜ਼ ਹਨੇਰੀ ਤੇ ਝੱਖੜ ਮਗਰੋਂ ਹੋਈ ਕਿਣਮਿਣ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ। ਜਾਣਕਾਰੀ ਮੁਤਾਬਕ ਸਰਹੱਦੀ ਜ਼ਿਲ੍ਹੇ ਵਿੱਚ ਸ਼ਾਮ ਵੇਲੇ ਅਚਨਚੇਤੀ ਤੇਜ਼ ਝੱਖੜ ਸ਼ੁਰੂ ਹੋ ਗਿਆ ਤੇ ਕਾਲੇ ਸੰਘਣੇ ਬੱਦਲ ਆ ਗਏ। ਕੁਝ ਪਲਾਂ ਵਿੱਚ ਹੀ ਮੌਸਮ ਵਿੱਚ ਅਚਨਚੇਤੀ ਤਬਦੀਲੀ ਆ ਗਈ। ਮਗਰੋਂ ਕੁਝ ਸਮਾਂ ਮੋਹਲੇਧਾਰ ਮੀਂਹ ਵੀ ਪਿਆ, ਜਿਸ ਨਾਲ ਤੁਰੰਤ ਹੀ ਤਾਪਮਾਨ ਹੇਠਾਂ ਆ ਗਿਆ।
ਭਾਵੇਂ ਇਹ ਮੀਂਹ ਕੁਝ ਸਮਾਂ ਹੀ ਪਿਆ ਹੈ ਅਤੇ ਬਾਅਦ ਵਿੱਚ ਮੌਸਮ ਮੁੜ ਸਾਫ਼ ਹੋ ਗਿਆ ਸੀ, ਪਰ ਇਸ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਦੁਪਹਿਰ ਵੇਲੇ ਤੇਜ਼ ਧੁੱਪ ਦੇ ਕਾਰਨ ਸਖਤ ਗਰਮੀ ਸੀ ਅਤੇ ਤਾਪਮਾਨ ਲਗਭਗ 45 ਡਿਗਰੀ ਸੈਲਸੀਅਸ ਤੱਕ ਸੀ ਪਰ ਮੀਂਹ ਪੈਣ ਤੋਂ ਬਾਅਦ ਲਗਭਗ 10 ਡਿਗਰੀ ਸੈਲਸੀਅਸ ਤਾਪਮਾਨ ਹੇਠਾਂ ਆਇਆ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਸ਼ਹਿਰ ਤੋਂ ਇਲਾਵਾ ਅਜਨਾਲਾ ਤੇ ਰਾਜਾਸਾਂਸੀ ਹਲਕੇ ਵਿੱਚ ਵੀ ਤੇਜ਼ ਝੱਖੜ ਦੇ ਨਾਲ ਮੀਂਹ ਪਿਆ ਹੈ ਤੇ ਲੋਕਾਂ ਨੇ ਤੇਜ਼ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ।
ਦੱਸਣਯੋਗ ਹੈ ਕਿ ਪਿਛਲੇ ਲਗਭਗ ਇੱਕ ਮਹੀਨੇ ਤੋਂ ਲਗਾਤਾਰ ਸਖਤ ਗਰਮੀ ਪੈ ਰਹੀ ਹੈ। ਤਾਪਮਾਨ ਵੀ ਲਗਭਗ 42 ਤੋਂ 45 ਡਿਗਰੀ ਸੈਲਸੀਅਸ ਵਿਚਾਲੇ ਚੱਲ ਰਿਹਾ ਗੈ, ਜਿਸ ਨਾਲ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।