ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਜੂਨ
ਇੱਥੇ ਸਵਿਸ ਕਲੋਨੀਆਂ ਦੇ ਲੋਕਾਂ ਵੱਲੋਂ ਇਹ ਕਲੋਨੀਆਂ ਤਿਆਰ ਕਰਨ ਅਤੇ ਵੇਚਣ ਵਾਲੇ ਕਲੋਨਾਈਜ਼ਰਾਂ ਖਿਲਾਫ ਰੋਸ ਵਿਖਾਵਾ ਕੀਤਾ ਗਿਆ। ਵਿਖਾਵਾਕਾਰੀਆ ਨੇ ਦੋਸ਼ ਲਾਇਆ ਕਿ ਇਨ੍ਹਾਂ ਕਲੋਨਾਈਜ਼ਰਾਂ ਨੇ ਕਲੋਨੀਆਂ ਵੇਚਣ ਤੋਂ ਪਹਿਲਾਂ ਇਨ੍ਹਾਂ ਨੂੰ ਰੈਗੂਲਰ ਨਹੀਂ ਕਰਵਾਇਆ ਜਿਸ ਕਾਰਨ ਇਨ੍ਹਾਂ ਕਲੋਨੀਆਂ ਵਿੱਚ ਵਿਕਾਸ ਨਾ ਹੋਣ ਕਾਰਨ ਇੱਥੇ ਮਾੜਾ ਹਾਲ ਹੈ।
ਸਵਿਸ ਲੈਂਡ ਅਤੇ ਸਵਿਸ ਕਲੋਨੀਆਂਂ ਦੇ ਲੋਕਾਂ ਨੇ ਕਿਹਾ ਕਿ ਇਹ ਕਲੋਨੀਆਂਂ ਜੋ ਨਿੱਜੀ ਤੌਰ ’ਤੇ ਕੱਟ ਕੇ ਵੇਚੀਆਂ ਹਨ, ਇਨ੍ਹਾਂ ਕਲੋਨੀਆਂ ਨੂੰ ਰੈਗੂਲਰ ਨਾ ਕਰਵਾਉਣ ਕਾਰਨ ਸੜਕਾਂ ਬਣਨ ਅਤੇ ਹੋਰ ਵਿਕਾਸ ਕਾਰਜਾਂ ਵਿੱਚ ਬਹੁਤ ਵੱਡੀਆਂ ਸਮੱਸਿਆਵਾਂ ਆ ਰਹੀਆਂ ਹਨ। ਇਨ੍ਹਾਂ ਵੱਲੋਂ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਪਲਾਟ ਵੇਚੇ ਗਏ ਸਨ ਤੇ ਕਿਸੇ ਵੀ ਖਰੀਦਦਾਰ ਨੂੰ ਨਹੀਂ ਦੱਸਿਆ ਕਿ ਕਲੋਨੀਆਂਂ ਰੈਗੂਲਰ ਨਹੀਂ ਹਨ। ਇਸ ਦਾ ਪਤਾ ਲੋਕਾਂ ਨੂੰ ਉਸ ਵੇਲੇ ਲੱਗਾ ਹੈ ਜਦੋਂ ਨਗਰ ਨਿਗਮ ਦੇ ਸਿਵਿਲ ਵਿੰਗ ਦੇ ਸੁਪਰਡੈਂਟ ਇੰਜਨੀਅਰ ਵੱਲੋਂ ਸੜਕਾਂ ਦੀ ਉਸਾਰੀ ਲਈ, ਇਸ ਨੂੰ ਮੁੱਢਲੀ ਸ਼ਰਤ ਦੱਸਦਿਆਂ, ਇਨ੍ਹਾਂ ਕਲੋਨੀਆਂਂ ਨੂੰ ਰੈਗੂਲਰ ਕਰਵਾਉਣ ਲਈ ਕਿਹਾ ਗਿਆ ਜਦੋਂ ਕਿ ਮਕਾਨ ਬਣਾਉਣ ਵੇਲੇ ਕਾਰਪੋਰੇਸ਼ਨ ਤੋਂ ਨਕਸ਼ੇ ਪਾਸ ਕਰਵਾਏ ਗਏ। ਐਨ.ਓ.ਸੀ. ਲਏ ਗਏ, ਵਿਕਾਸ ਫੀਸ ਅਤੇ ਹੋਰ ਲੋੜੀਂਦੀਆਂ ਫੀਸਾਂ ਦਿੱਤੀਆਂ ਗਈਆਂ ਹਨ।
ਲੋਕਾਂ ਨੇ ਆਖਿਆ ਕਿ ਉਹ ਇਨ੍ਹਾਂ ਕਲੋਨੀਆਂ ਵਿੱਚ ਵਿਕਾਸ ਕੰਮ ਕਰਵਾਉਣ ਲਈ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲੇ ਹਨ ਅਤੇ ਹਲਕੇ ਦੇ ਹਲਕੇ ਦੇ ਵਿਧਾਇਕ ਨੂੰ ਕਲੋਨੀਆਂ ਵਿੱਚ ਸੱਦ ਕੇ ਅਤੇ ਕਈ ਵਾਰ ਨਿੱਜੀ ਤੌਰ ’ਤੇ ਮਿਲ ਕੇ ਲੋੜੀਂਦੇ ਵਿਕਾਸ ਦੇ ਕੰਮਾਂ ਤੋਂ ਜਾਣੂ ਕਰਵਾਇਆ ਗਿਆ ਹੈ ਪਰ ਕਲੋਨੀਆਂਂ ਦਾ ਹਾਲ ਬਦ ਤੋਂ ਬਦਤਰ ਹੋ ਰਿਹਾ ਹੈ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ, ਨਗਰ ਨਿਗਮ ਅਤੇ ਕਲੋਨਾਈਜ਼ਰਾਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਲੋਨੀਆਂ ਦਾ ਵਿਕਾਸ ਤੁਰੰਤ ਕਰਵਾਉਣ ਦੀ ਮੰਗ ਕੀਤੀ ਗਈ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸਵਿਸ ਕਲੋਨੀਜ਼ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰ ਜਤਿੰਦਰ ਸਿੰਘ, ਰਸ਼ਪਾਲ ਸਿੰਘ, ਗੁਰਜੀਤ ਸਿੰਘ ਔਲਖ,ਗੁਰਸਾਹਿਬ ਸਿੰਘ, ਅਸ਼ੋਕ ਕੁਮਾਰ, ਸੁਭਾਸ਼ ਜੈਨ, ਨਰਿੰਦਰ ਜੈਨ, ਸੁਰਿੰਦਰ ਸਿੰਘ ਸ਼ਿਵ ਕੁਮਾਰ ਖੰਨਾ, ਗਗਨਦੀਪ ਸਿੰਘ, ਬਲਬੀਰ ਕੰਗ, ਅਮੋਲਕ ਸਿੰਘ, ਅੰਗਰੇਜ਼ ਸਿੰਘ, ਨੇਹਾ, ਸੋਨੀਆ, ਤਰਨਜੀਤ ਕੌਰ, ਅਰਾਧਨਾ ਜੈਨ, ਮਨਜੀਤ ਕੌਰ ਅਤੇ ਡਾ. ਕਸ਼ਮੀਰ ਸਿੰਘ ਖੁੰਡਾ ਹਾਜ਼ਰ ਸਨ।