ਦੀਪਕ ਠਾਕੁਰ/ਹਰਪ੍ਰੀਤ ਕੌਰ
ਤਲਵਾੜਾ/ਹੁਸ਼ਿਆਰਪੁਰ, 28 ਜੂਨ
ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ 98 ਫ਼ੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਅਤੇ 36 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ aਸਥਾਨ ਹਾਸਲ ਕੀਤਾ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਗੁਰਸ਼ਰਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ 19309 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿਚੋਂ 18922 ਵਿਦਿਆਰਥੀ ਪਾਸ ਹੋਏ। ਉਨ੍ਹਾਂ ਦੱਸਿਆ ਕਿ ਸਰਕਾਰੀ ਸੈਕੰਡਰੀ ਸਕੂਲ ਕਮਾਹੀ ਦੇਵੀ ਦੇ 18 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰਕੇ ਨਵਾਂ ਮੀਲ ਪੱਥਰ ਕਾਇਮ ਕੀਤਾ ਹੈ। ਇਸ ਤੋਂ ਇਲਾਵਾ ਸੈਕਟਰ-3 ਤਲਵਾੜਾ ਸਕੂਲ ਦੀਆਂ 10 ਵਿਦਿਆਰਥਣਾਂ, ਰੇਲਵੇ ਮੰਡੀ ਸਕੂਲ ਹੁਸ਼ਿਆਰਪੁਰ ਨੇ ਮੈਰਿਟ ਵਿਚ ਦੂਜਾ ਸਥਾਨ, ਪੁਲਾਹੜ, ਲਾਂਬੜਾ, ਛਾਂਗਲਾ, ਟਾਂਡਾ, ਬਾਗਪੁਰ ਆਦਿ ਸਕੂਲਾਂ ਨੇ ਇਕ-ਇਕ ਸਥਾਨ ਹਾਸਲ ਕੀਤਾ।
ਨਤੀਜਿਆਂ ’ਚ ਬਲਾਕ ਤਲਵਾੜਾ ਦੇ ਸਰਕਾਰੀ ਸਕੂਲਾਂ ਦੀ ਝੰਡੀ ਰਹੀ ਹੈ। ਬਲਾਕ ਤਲਵਾੜਾ ਦੇ ਸਰਕਾਰੀ ਸਕੂਲਾਂ ਦੇ ਕੁੱਲ 29 ਵਿਦਿਆਰਥੀ ਬੋਰਡ ਦੀ ਮੈਰਿਟ ਸੂਚੀ ’ਚ ਆਏ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਦੇ 18, ਸੈਕਟਰ -3 ਦੇ 10 ਅਤੇ ਸ੍ਰੀ ਜਗਦੀਸ਼ ਰਾਮ ਸਸਸ ਸਕੂਲ ਪਲਾਹੜ ਦੇ ਇੱਕ ਵਿਦਿਆਰਥੀ ਨੇ ਮੈਰਿਟ ਸੂਚੀ ’ਚ ਸਥਾਨ ਹਾਸਲ ਕੀਤਾ ਹੈ। ਸਸਸ ਕਮਾਹੀ ਦੇਵੀ ਦੇ ਰੋਹਿਤ ਕੁਮਾਰ ਨੇ ਸਾਇੰਸ ਗਰੁੱਪ ’ਚ 496/500 ਅੰਕ ਹਾਸਲ ਕਰ ਪੰਜਾਬ ਭਰ ’ਚੋਂ ਸਾਇੰਸ ਸਟਰੀਮ ਅਤੇ ਲੜਕਿਆਂ ਵਿੱਚੋਂ ਪਹਿਲਾ ਤੇ ਮੈਰਿਚ ਸੂਚੀ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਸ੍ਰੀ ਜਗਦੀਸ਼ ਰਾਮ ਸਸਸ ਸਕੂਲ ਪਲਾਹੜ ਦੀ ਸਿਮਰਨ ਨੇ ਆਰਟਸ ਗਰੁੱਪ ’ਚ ਪੰਜਾਬ ਭਰ ’ਚੋਂ 17ਵਾਂ ਸਥਾਨ ਪ੍ਰਾਪਤ ਕੀਤਾ ਹੈ। ਸਸਸ ਕਮਾਹੀ ਦੇਵੀ ਦੇ ਪ੍ਰਿੰਸੀਪਲ ਰਾਜੇਸ਼ ਠਾਕੁਰ ਨੇ ਬੋਰਡ ਪ੍ਰੀਖਿਆ ’ਚ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ਼ ਨੂੰ ਦਿੱਤਾ ਹੈ।
ਅੰਮ੍ਰਿਤਸਰ ਦੇ ਤਿੰਨ ਅਤੇ ਜਲੰਧਰ ਜ਼ਿਲ੍ਹੇ ਦੇ ਦੋ ਵਿਦਿਆਰਥੀ ਮੈਰਿਟ ਵਿੱਚ
ਜਗਤਾਰ ਸਿੰਘ ਲਾਂਬਾ/ਦਿਲਬਾਗ ਸਿੰਘ ਗਿੱਲ
ਅੰਮ੍ਰਿਤਸਰ, 28 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿੱਚ ਸਰਕਾਰੀ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਸਟੇਟ ਮੈਰਿਟ ਵਿਚ ਸਥਾਨ ਹਾਸਲ ਕੀਤਾ ਹੈ। ਜਾਣਕਾਰੀ ਮੁਤਾਬਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਦੀ ਸਾਇੰਸ ਵਿਸ਼ੇ ਦੀ ਵਿਦਿਆਰਥਣ ਸਮਰੀਨ ਕੌਰ ਨੇ 500 ਅੰਕਾਂ ਵਿਚੋ 496 ਅੰਕ ਹਾਸਲ ਕੀਤੇ ਹਨ ਅਤੇ ਸੂਬੇ ਵਿੱਚ ਦੂਜਾ ਅਤੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੀ ਸਾਇੰਸ ਦੀ ਵਿਦਿਆਰਥਣ ਪ੍ਰਭਦੀਪ ਕੌਰ ਨੇ 493 ਅੰਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਣਾ ਸਿੰਘ ਰੋਡ ਦੀ ਸਾਇੰਸ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਇੰਨੇ ਹੀ ਅੰਕ ਹਾਸਲ ਕੀਤੇ ਹਨ। ਇਹ ਦੋਵੇਂ ਪੰਜਵੇਂ ਸਥਾਨ ’ਤੇ ਹਨ ਅਤੇ ਜ਼ਿਲ੍ਹੇ ਵਿੱਚ ਦੂਜੇ ਸਥਾਨ ’ਤੇ ਆਈਆਂ ਹਨ। ਇਸੇ ਤਰ੍ਹਾਂ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਹਾਥੀ ਗੇਟ ਦੇ ਵਿਦਿਆਰਥੀ ਸੰਚਿਤ ਕੁਮਾਰ ਨੇ ਕਾਮਰਸ ਵਿਸ਼ੇ ਵਿੱਚ 491 ਅੰਕ ਪ੍ਰਾਪਤ ਕਰਕੇ ਸੂਬੇ ਵਿੱਚ ਸੱਤਵਾਂ ਅਤੇ ਜ਼ਿਲ੍ਹੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ ।
ਨਿੱਜੀ ਸਕੂਲਾਂ ਦੀ ਸ਼੍ਰੇਣੀ ਵਿੱਚ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਮਨ ਕੁਮਾਰ ਨੇ ਸਾਇੰਸ ਵਿਸ਼ੇ ਵਿੱਚ 490 ਅੰਕ ,ਫੋਰਐਸ ਸਕੂਲ ਦੀ ਮਾਨਵੀ ਨੇ ਕਾਮਰਸ ਵਿਸ਼ੇ ਵਿੱਚ 490 ਅੰਕ ਹਾਸਲ ਕੀਤੇ ਹਨ। ਇਨ੍ਹਾਂ ਦੋਵਾਂ ਨੇ ਸੂਬੇ ਵਿੱਚ ਅੱਠਵਾਂ ਅਤੇ ਜ਼ਿਲ੍ਹੇ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ।
ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਸਮਰੀਨ ਕੌਰ ਨੇ ਆਖਿਆ ਕਿ ਉਹ ਅਧਿਆਪਕ ਬਣਨਾ ਚਾਹੁੰਦੀ ਹੈ। ਉਸ ਵਾਸਤੇ ਉਸ ਦੇ ਪਿਤਾ ਰੋਲ ਮਾਡਲ ਹਨ, ਜੋ ਕਿ ਸਰਕਾਰੀ ਸਕੂਲ ਵਿੱਚ ਅਧਿਆਪਕ ਹਨ।
ਜਲੰਧਰ (ਪਾਲ ਸਿੰਘ ਨੌਲੀ):
ਸਿੱਖਿਆ ਵਿਭਾਗ ਵੱਲੋਂ 12ਵੀਂ ਜਮਾਤ ਦੇ ਐਲਾਨੇ ਨਤੀਜਿਆਂ ਜਿਲ੍ਹੇ ਵਿੱਚੋਂ ਦੋ ਕੁੜੀਆਂ ਹੀ ਮੈਰਿਟ ਵਿੱਚ ਆਈਆਂ ਹਨ। ਇਹ ਦੋਵੇਂ ਕੁੜੀਆਂ ਨਿੱਜੀ ਸਕੂਲਾਂ ਵਿੱਚ ਪੜ੍ਹਦੀਆਂ ਹਨ। ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਮੈਰਿਟ ਸੂਚੀ 302 ਵਿਦਿਆਰਥੀਆਂ ਦੀ ਹੈ ਜਿਨ੍ਹਾਂ ਵਿਚ ਜਲੰਧਰ ਦੀਆਂ ਦੋ ਲੜਕੀਆਂ ਹੀ ਸ਼ਾਮਲ ਹਨ।
ਐਸਜੀਐਨ ਪਬਲਿਕ ਸਕੂਲ ਦੀ ਵਿਦਿਆਰਥਣ ਹਰਲੀਨ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ’ਤੇ ਰਹੀ ਜਦਕਿ ਸੂਬੇ ਵਿੱਚੋਂ ਉਸ ਨੇ ਪਹਿਲੇ 10 ਵਿੱਚ ਥਾਂ ਬਣਾਉਂਦਿਆਂ ਛੇਵਾਂ ਸਥਾਨ ਹਾਸਲ ਕੀਤਾ। ਉਸ ਨੇ ਕਾਮਰਸ ਵਿੱਚ 500 ਵਿੱਚੋਂ 492 ਅੰਕ ਪ੍ਰਾਪਤ ਕੀਤੇ। ਬੈਂਕਿੰਗ ਖੇਤਰ ਵਿੱਚ ਕੁਝ ਵੱਡਾ ਕਰਨ ਦਾ ਟੀਚਾ ਰੱਖਣ ਵਾਲੀ ਹਰਲੀਨ ਦਾ ਕਹਿਣਾ ਸੀ ਉਹ ਸਕੂਲ ਦੇ ਦਿਨਾਂ ਵਿੱਚ ਲਗਭਗ 4 ਘੰਟੇ ਪੜ੍ਹਦੀ ਅਤੇ ਛੁੱਟੀ ਵਾਲੇ ਦਿਨ ਉਹ ਪੜ੍ਹਾਈ ਦਾ ਸਮਾਂ ਅੱਠ ਘੰਟੇ ਤੱਕ ਦਾ ਹੁੰਦਾ ਸੀ। ਹਰਲੀਨ ਨੇ ਕਿਹਾ ਕਿ ਫੋਨ ਦੀ ਵਰਤੋਂ ਨਾ ਕਰਨਾ ਉਸ ਲਈ ਬਹੁਤ ਮੁਸ਼ਕਲ ਸੀ, ਪਰ ਉਸਨੇ ਅਜਿਹਾ ਕੀਤਾ ਕਿਉਂਕਿ ਉਹ ਚੰਗਾ ਸਕੋਰ ਕਰਨਾ ਚਾਹੁੰਦੀ ਸੀ। ਹਰਲੀਨ ਦੇ ਪਿਤਾ ਵਿਦੇਸ਼ ਵਿੱਚ ਇੱਕ ਟਰੱਕ ਡਰਾਈਵਰ ਹਨ। ਐਚ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀ ਵੰਸ਼ੀਤਾ ਮਹਿੰਦਰੂ (ਹਿਊਮੈਨਟੀਜ਼) ਨੇ 500 ਵਿੱਚੋਂ 489 ਅੰਕ ਪ੍ਰਾਪਤ ਕੀਤੇ ਹਨ।