ਪੱਤਰ ਪ੍ਰੇਰਕ
ਅੰਮ੍ਰਿਤਸਰ, 16 ਅਪਰੈਲ
ਵਧੀਕ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਜਸਪ੍ਰੀਤ ਸਿੰਘ ਨੇ ਅੱਜ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡੀਐੱਫਐੱਸਸੀ ਰਿਸ਼ੀ ਰਾਜ ਮਹਿਰਾ ਨੇ ਦੱਸਿਆ ਕਿ ਖ਼ਰੀਦ ਕੇਂਦਰਾਂ ਵਿਚ ਢੇਰੀਆਂ ਲਈ ਖਾਨੇ ਬਣਾਉਣ ਤੋਂ ਇਲਾਵਾ ਕਿਸਾਨਾਂ ਨੂੰ ਐਂਟਰੀ ਪਾਸ ਜਾਰੀ ਕੀਤੇ ਗਏ ਹਨ, ਤਾਂ ਜੋ ਉਥੇ ਭੀੜ ਇਕੱਠੀ ਨਾ ਹੋ ਸਕੇ।
ਕਾਹਨੂਵਾਨ (ਵਰਿੰਦਰਜੀਤ ਜਾਗੋਵਾਲ): ਇੱਥੇ ਅੱਜ ਮਾਰਕੀਟ ਕਮੇਟੀ ਕਾਹਨੂੰਵਾਨ ਦੀਆਂ ਦਾਣਾ ਮੰਡੀਆਂ ਵਿਚ ਹਲਕਾ ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਵਿਭਾਗ ਦੇ ਅਧਿਕਾਰੀਆਂ ਬੈਨੀਪਾਲ ਸਮੇਤ ਮੰਡੀਆਂ ਵਿੱਚ ਚੱਲ ਰਹੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਚੇਅਰਮੈਨ ਜਸਬੀਰ ਸਿੰਘ ਢੀਂਡਸਾ ਅਤੇ ਉਪ ਚੇਅਰਮੈਨ ਪਰਮਜੀਤ ਸਿੰਘ ਪੰਮਾ ਦੀ ਹਾਜ਼ਰੀ ਵਿਚ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਦੇ ਐੱਮਡੀ ਯਸ਼ਨਜੀਤ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਇਸ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੀ ਮੌਜੂਦ ਸਨ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਮਾਰਕੀਟ ਕਮੇਟੀ ਬਲਾਚੌਰ ਅਧੀਨ ਆਉਂਦੀਆਂ 9 ਅਨਾਜ ਮੰਡੀਆਂ ਵਿੱਚ ਹੁਣ ਤੱਕ ਵੱਖ-ਵੱਖ ਸਰਕਾਰੀ ਏਜੰਸੀਆਂ ਨੇ 8104 ਕੁਇੰਟਲ ਕਣਕ ਦੀ ਖਰੀਦ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਜਾਡਲੀ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ ਨੇ ਦੱਸਿਆ ਕਿ ਬਲਾਚੌਰ, ਸੜੋਆ, ਸਾਹਿਬਾ, ਬਕਾਪੁਰ, ਨਾਨੋਵਾਲ ਬੇਟ, ਕਰਾਵਰ ਮੰਡੀ, ਕਾਠਗੜ੍ਹ, ਟੌਂਸਾ ਮੰਡੀ ਅਤੇ ਮੋਹਰਾਂ ਮੰਡੀ ਵਿੱਚ ਵੱਖ-ਵੱਖ ਏਜੰਸੀਆਂ ਨੇ ਕਣਕ ਦੀ ਖਰੀਦ ਕੀਤੀ ਹੈ।
ਮੰਡੀਆਂ ਵਿੱਚ ਡੇਢ ਸੌ ਵਾਲੰਟੀਅਰ ਤਾਇਨਾਤ
ਜਲੰਧਰ (ਪਾਲ ਸਿੰਘ ਨੌਲੀ): ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੁੱਚੀਆਂ ਮੰਡੀਆਂ ਵਿੱਚ 150 ਗਾਰਡੀਅਨਸ ਆਫ ਗਵਰਨੈਂਸ (ਜੀਓਜੀਜ਼) ਦੀ ਤਾਇਨਾਤੀ ਕੀਤੀ ਗਈ ਹੈ। ਜੀਓਜੀਜ਼ ਨੂੰ ਪਲਸ ਆਕਸੀਮੀਟਰਜ਼, ਥਰਮਲ ਸਕੈਨਰਜ਼, ਐੱਨ 95 ਮਾਸਕ ਅਤੇ ਹੈਂਡ ਸੈਨੀਟਾਈਜਰਜ਼ ਦੀ ਵੰਡ ਕੀਤੀ ਗਈ ਹੈ । ਜੀਓਜੀਜ਼ ਵੱਲੋਂ ਥਰਮਲ ਸਕੈਨਰਾਂ ਨਾਲ ਜਿਥੇ ਮੰਡੀਆਂ ਵਿੱਚ ਦਾਖਲ ਹੋਣ ਵਾਲਿਆਂ ਦੇ ਸਰੀਰ ਦੇ ਤਾਪਮਾਨ ਦੀ ਜਾਂਚ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਉਥੇ ਪਲਸ ਆਕਸੀਮੀਟਰਾਂ ਰਾਹੀਂ ਕਿਸਾਨਾਂ, ਮਜ਼ਦੂਰਾਂ ਤੇ ਹੋਰਨਾਂ ਦੇ ਆਕਸੀਜਨ ਪੱਧਰ ਦੀ ਜਾਂਚ ਯਕੀਨੀ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਖਰੀਦ ਪ੍ਰਕਿਰਿਆ ਵਿੱਚ ਜੁਟੇ ਅਧਿਕਾਰੀਆਂ, ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਦੀ ਵਰਤੋਂ ਲਈ ਜੀਓਜੀਜ਼ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੀ ਮੁਹੱਈਆ ਕਰਵਾਏ ਗਏ ਹਨ।
ਖ਼ਰੀਦ ਸ਼ੁਰੂ ਨਾ ਕਰਨ ’ਤੇ ਸੰਘਰਸ਼ ਦੀ ਚਿਤਾਵਨੀ
ਭਿੱਖੀਵਿੰਡ: (ਨਰਿੰਦਰ ਸਿੰਘ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵੱਲੋਂ ਅੱਜ ਕਿਸਾਨਾਂ ਦੀ ਕਣਕ ਦੀ ਖਰੀਦ ਨਾ ਹੋਣ ਕਾਰਨ ਗੁਰਸਾਹਿਬ ਸਿੰਘ ਪਹੂਵਿੰਡ ਨੇ ਸਾਥੀਆਂ ਸਮੇਤ ਮਾਰਕੀਟ ਕਮੇਟੀ ਭਿੱਖੀਵਿੰਡ ਵਿੱਚ ਮੰਗ ਪੱਤਰ ਦਿੱਤਾ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਣਕ ਦੀ ਖਰੀਦ ਜਲਦ ਸ਼ੁਰੂ ਕੀਤੀ ਜਾਵੇ। ਅੱਜ ਇੱਥੇ ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਖਰੀਦ ਜਲਦੀ ਸ਼ੁਰੂ ਨਾ ਕਰਵਾਈ ਤਾਂ ਉਹ ਮੰਡੀਆਂ ਦੇ ਗੇਟ ਬੰਦ ਕਰਕੇ ਸੰਘਰਸ਼ ਕਰਨਗੇ। ਉਧਰ ਮਾਰਕੀਟ ਕਮੇਟੀ ਭਿੱਖੀਵਿੰਡ ਦੀ ਅਕਾਊਂਟੈਂਟ ਧਰਮਜੀਤ ਕੌਰ ਦਾ ਕਹਿਣਾ ਸੀ ਕਿ ਕਿਸਾਨਾਂ ਵੱਲੋਂ ਦਿੱਤਾ ਗਿਆ ਮੰਗ ਪੱਤਰ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ ਅਤੇ ਕਿਸਾਨਾਂ ਲਈ ਤਰਪਾਲਾਂ ਆਦਿ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ।
2 ਕਿਸਾਨਾਂ ਦੀ 12 ਏਕੜ ਕਣਕ ਸੜ ਕੇ ਸੁਆਹ
ਪਠਾਨਕੋਟ (ਪੱਤਰ ਪ੍ਰੇਰਕ): ਸੁਜਾਨਪੁਰ ਥਾਣੇ ਕੋਲ ਖੇਤਾਂ ਵਿੱਚ ਬੀਤੀ ਦੇਰ ਰਾਤ ਅੱਗ ਲੱਗਣ ਨਾਲ ਲਗਪਗ 12 ਏਕੜ ਕਣਕ ਸੜ ਕੇ ਸੁਆਹ ਹੋ ਗਈ। ਪੀੜਤ ਕਿਸਾਨ ਬਨਾਰਸੀ ਦਾਸ ਨੇ ਦੱਸਿਆ ਕਿ ਦੇਰ ਰਾਤ ਨੂੰ ਉਸ ਦੇ ਖੇਤਾਂ ਵਿੱਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਟੈਂਡਰਾਂ ਨੇ ਬੜੀ ਮੁਸ਼ੱਕਤ ਮਗਰੋਂ ਅੱਗ ਉਪਰ ਕਾਬੂ ਪਾਇਆ। ਉਸ ਨੇ ਦੱਸਿਆ ਕਿ ਅੱਗ ਕਾਰਨ ਉਸ ਦੀ 10 ਏਕੜ ਕਣਕ ਸੜ ਗਈ। ਉਧਰ ਕੁਲਦੀਪ ਨੰਬਰਦਾਰ ਦੀ 2 ਏਕੜ ਫਸਲ ਨੂੰ ਵੀ ਇਸ ਅੱਗ ਨਾਲ ਨੁਕਸਾਨ ਹੋਇਆ ਹੈ।