ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 27 ਅਕਤੂਬਰ
ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਦਿੱਲੀ-ਕਟੜਾ ਐਕਸਪ੍ਰੈੱਸ ਮਾਰਗ ਨੂੰ ਲੈ ਕੇ ਨੈਸ਼ਨਲ ਪ੍ਰਾਜੈਕਟ ਹਾਈਵੇਅ ਦੇ ਅਧਿਕਾਰੀਆਂ ਸਮੇਤ ਅੰਮ੍ਰਿਤਸਰ, ਤਰਨ ਤਾਰਨ ਤੇ ਗੁਰਦਾਸਪੁਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸੜਕਾਂ ਦਾ ਜਾਲ ਵਿਸ਼ਿਆ ਹੋਣਾ ਜ਼ਰੂਰੀ ਹੈ ਤਾਂ ਜੋ ਸੂਬਿਆਂ ਦਾ ਇਕ ਦੂਜੇ ਨਾਲ ਰਾਬਤਾ ਕਾਇਮ ਹੋ ਸਕੇ ਤੇ ਵਪਾਰ ਵਿੱਚ ਵਾਧਾ ਹੋ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਕਿਸੇ ਸੂਬੇ ਦਾ ਵਿਕਾਸ ਉਥੇ ਦੇ ਸੜਕੀ ਜਾਲ ਨੂੰ ਵੇਖ ਕੇ ਹੀ ਲਾਇਆ ਜਾ ਸਕਦਾ ਹੈ। ਸਮੂਹ ਐਸਡੀਐਮਜ਼ ਨੂੰ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਜ਼ਮੀਨ ਦੀ ਮਾਲਕੀ ਦਾ ਮੁਆਵਜ਼ਾ ਦੇਣ ’ਚ ਦੇਰ ਨਹੀਂ ਹੋਣੀ ਚਾਹੀਦੀ। ਮਾਲਕਾਂ ਨੂੰ ਸਰਕਾਰ ਵੱਲੋਂ ਜੋ ਮੁਆਵਜ਼ਾ ਨਿਰਧਾਰਤ ਕੀਤਾ ਗਿਆ ਹੈ ਉਹ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੈਂਡਿੰਗ ਕੇਸਾਂ ’ਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਭੂਮੀ ਨੂੰ ਐਕਵਾਇਰ ਕਰਕੇ ਪ੍ਰਾਜੈਕਟ ਦਾ ਕੰਮ ਜਲਦੀ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਨੈਸ਼ਨਲ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿੰਨਾਂ ਸਥਾਨਾਂ ’ਤੇ ਵੱਧ ਦੁਰਘਟਨਾਵਾਂ ਹੁੰਦੀਆਂ ਹਨ, ਦੇ ਬਲੈਕ ਸਪਾਟਾਂ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦੀ ਜ਼ਮੀਨ ਦੇ ਮਾਲਕੀ ਰੇਟ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਹੈ ਤਾਂ ਉਹ ਆਰਬੀਟਰੇਟਰ ਕੋਲ ਜਾ ਸਕਦਾ ਹੈ। ਉਨ੍ਹਾਂ ਨੈਸ਼ਨਲ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਤਰਨ ਤਾਰਨ ’ਚ ਵੀ ਆਪਣਾ ਦਫਤਰ ਖੋਲ੍ਹਣ ਤਾਂ ਜੋ ਤਰਨ ਤਾਰਨ ਦੇ ਲੋਕ ਆਪਣੀ ਸਮੱਸਿਆ ਲਈ ਉਥੇ ਸੰਪਰਕ ਕਰ ਸਕਣ।
ਇਸ ਮੌਕੇ ਹਰਪ੍ਰੀਤ ਸਿੰਘ ਐਸਡੀਐਮ ਅੰਮ੍ਰਿਤਸਰ-2, ਅਲਕਾ ਕਾਲੀਆ ਐਸਡੀਐਮ ਬਾਬਾ ਬਕਾਲਾ, ਮਨਕੰਵਲ ਸਿੰਘ ਐਸਡੀਐਮ ਅੰਮ੍ਰਿਤਸਰ-1, ਦੀਪਕ ਭਾਟੀਆ ਐਸਡੀਐਮ ਖਡੂਰ ਸਾਹਿਬ, ਰਜਨੀਸ਼ ਅਰੋੜਾ ਐਸਡੀਐਮ ਤਰਨ ਤਾਰਨ, ਮੈਡਮ ਅਮਨਦੀਪ ਕੌਰ ਐਸਡੀਐਮ ਗੁਰਦਾਸਪੁਰ, ਰਾਜੇਸ਼ ਗੁਲਾਟੀ ਜ਼ਿਲ੍ਹਾ ਜੰਗਲਾਤ ਅਫਸਰ, ਇੰਦਰਜੀਤ ਸਿੰਘ ਐਸਈ ਨੈਸ਼ਨਲ ਹਾਈਵੇਅ ਡਵੀਜਨ, ਨਿਰਮਲ ਸਿੰਘ ਨਾਇਬ ਤਹਿਸੀਲਦਾਰ, ਗੁਰਮੀਤ ਸਿੰਘ ਡੀਆਰਓ ਗੁਰਦਾਸਪੁਰ ਵੀ ਹਾਜ਼ਰ ਸਨ।